ਖੰਨਾ : ਨਾਭਾ ਕਲੋਨੀ ਵਿਚ ਬੀ.ਐਸ.ਸੀ. ਦੇ ਇਕ ਵਿਦਿਆਰਥੀ ਨੇ ਫਾਹਾ ਲੈ ਲਿਆ। ਖੁਦਕੁਸ਼ੀ ਵੀ ਉਸ ਸਮੇਂ ਕੀਤੀ ਜਦੋਂ ਪ੍ਰਵਾਰਕ ਮੈਂਬਰ ਘਰ ਵਿਚ ਮੌਜੂਦ ਸਨ। ਜਾਣਕਾਰੀ ਅਨੁਸਾਰ ਲੜਕੇ ਨੇ ਅਪਣੀ ਮਾਂ ਨੂੰ ਚਾਹ ਬਣਾਉਣ ਲਈ ਰਸੋਈ ਵਿਚ ਭੇਜਿਆ ਅਤੇ ਬਾਅਦ ਵਿਚ ਉੱਪਰਲੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਅੱਧਾ ਘੰਟਾ ਜਦੋਂ ਪੁੱਤਰ ਚਾਹ ਪੀਣ ਲਈ ਹੇਠਾਂ ਨਾ ਆਇਆ ਤਾਂ ਮਾਂ ਨੇ ਉਪਰਲੇ ਕਮਰੇ ਵਿਚ ਜਾ ਕੇ ਦੇਖਿਆ।
ਪੁੱਤਰ ਨੂੰ ਪੱਖੇ ਨਾਲ ਲਟਕਦਾ ਦੇਖ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਂ ਦੀਆਂ ਚੀਕਾਂ ਸੁਣ ਕੇ ਪ੍ਰਵਾਰਕ ਜੀਅ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਸ ਬਾਰੇ ਗੱਲ ਕਰਦਿਆਂ ਮ੍ਰਿਤਕ ਦੇ ਪਿਤਾ ਸੰਜੇ ਕੁਮਾਰ ਨੇ ਦਸਿਆ ਕਿ ਉਹ ਸਵੇਰੇ ਕੰਮ 'ਤੇ ਗਿਆ ਹੋਇਆ ਸੀ। ਉਸ ਦਾ ਲੜਕਾ ਲਖਵਿੰਦਰ ਸਿੰਘ (18) ਘਰ ਹੀ ਸੀ। ਪੁੱਤਰ ਨੇ ਮਾਂ ਨੂੰ ਚਾਹ ਬਣਾਉਣ ਲਈ ਕਿਹਾ। ਬਾਅਦ ਵਿਚ ਕਮਰੇ ਦੀ ਕੁੰਡੀ ਲਗਾ ਕੇ ਫਾਹਾ ਲਗਾ ਲਿਆ। ਉਸ ਨੂੰ ਕੰਮ 'ਤੇ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿਤੀ ਗਈ। ਜਿਸ ਤੋਂ ਬਾਅਦ ਉਹ ਘਰ ਪਹੁੰਚ ਗਿਆ। ਪੁੱਤਰ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਆਪ' ਸਰਕਾਰ ਦੀ ਲਾਪਰਵਾਹੀ ਨੇ ਕੁਦਰਤੀ ਆਫ਼ਤ ਨੂੰ ਹੋਰ ਵਧਾਇਆ : ਸੁਨੀਲ ਜਾਖੜ
ਖੁਦਕੁਸ਼ੀ ਦਾ ਕਾਰਨ ਡਿਪਰੈਸ਼ਨ ਦਸਿਆ ਗਿਆ ਹੈ। ਲਖਵਿੰਦਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਕਿਸੇ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਕਰਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਚਰਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਸ ਤੋਂ ਬਾਅਦ ਮ੍ਰਿਤਕ ਲਖਵਿੰਦਰ ਸਿੰਘ ਦੇ ਪਿਤਾ ਸੰਜੇ ਕੁਮਾਰ ਦੇ ਬਿਆਨ ਦਰਜ ਕੀਤੇ ਗਏ। ਪ੍ਰਵਾਰ ਅਨੁਸਾਰ ਲਖਵਿੰਦਰ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਨੇ ਸੀ.ਆਰ.ਪੀ.ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ।