ਪੰਜਾਬ 'ਚ ਬਿਆਸ-ਸਤਲੁਜ 'ਚ ਵਧੇਗਾ ਪਾਣੀ ਦਾ ਪੱਧਰ, ਪੌਂਗ ਡੈਮ ਤੋਂ ਛੱਡਿਆ ਜਾਵੇਗਾ 20 ਹਜ਼ਾਰ ਕਿਊਸੈਕ ਪਾਣੀ
ਜਦੋਂ ਸਤਲੁਜ ਵਿਚ ਪਾਣੀ ਛੱਡਿਆ ਜਾਂਦਾ ਹੈ ਤਾਂ ਨੀਵੇਂ ਇਲਾਕਿਆਂ ਵਿਚ ਸਮੱਸਿਆ ਆ ਸਕਦੀ ਹੈ।
ਬਿਆਸ - ਪੰਜਾਬ ਵਿਚ ਅੱਜ ਅਤੇ ਕੱਲ੍ਹ ਯਾਨੀ ਵੀਰਵਾਰ ਨੂੰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦੇ ਪੱਧਰ ਵਿਚ ਵਾਧਾ ਹੋ ਸਕਦਾ ਹੈ। ਦਰਅਸਲ, ਭਾਖੜਾ ਡੈਮ ਪ੍ਰਬੰਧਨ ਨੇ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਅਗਲੇ ਦੋ ਦਿਨਾਂ ਤੱਕ ਕਰੀਬ 55 ਕਿਊਸਿਕ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਹੈ। ਬਿਆਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕੋਈ ਚਿੰਤਾ ਨਹੀਂ ਹੈ ਪਰ ਜਦੋਂ ਸਤਲੁਜ ਵਿਚ ਪਾਣੀ ਛੱਡਿਆ ਜਾਂਦਾ ਹੈ ਤਾਂ ਨੀਵੇਂ ਇਲਾਕਿਆਂ ਵਿਚ ਸਮੱਸਿਆ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅੱਜ ਪੱਛਮੀ ਮਾਲਵੇ ਵਿਚ ਆਮ ਮੀਂਹ ਅਤੇ ਵੀਰਵਾਰ ਨੂੰ ਪੂਰੇ ਪੰਜਾਬ ਵਿਚ ਮੀਂਹ ਪੈਣ ਦਾ ਅਲਰਟ ਵੀ ਜਾਰੀ ਕੀਤਾ ਹੈ। ਜੇ ਆਮ ਨਾਲੋਂ ਵੱਧ ਬਾਰਿਸ਼ ਹੁੰਦੀ ਹੈ ਤਾਂ ਪੱਛਮੀ ਮਾਲਵੇ ਵਿਚ ਸਮੱਸਿਆ ਪੈਦਾ ਹੋ ਸਕਦੀ ਹੈ। ਜਾਰੀ ਚਿਤਾਵਨੀ ਮੁਤਾਬਕ ਪੌਂਗ ਡੈਮ ਤੋਂ ਅੱਜ ਸਵੇਰੇ 10 ਵਜੇ 20 ਹਜ਼ਾਰ ਕਿਊਸਿਕ ਅਤੇ ਭਾਖੜਾ ਡੈਮ ਤੋਂ ਵੀਰਵਾਰ ਨੂੰ ਸਵੇਰੇ 10 ਵਜੇ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਹੈ।