ED ਨੇ PACL ਮਾਮਲੇ ਵਿਚ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ ਅਤੇ ਆਸਟ੍ਰੇਲੀਆ ’ਚ ਸਥਿਤ 68 ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਗਿਆ

PACL

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਨਿਚਰਵਾਰ  ਨੂੰ ਕਿਹਾ ਕਿ 48,000 ਕਰੋੜ ਰੁਪਏ ਦੀ ਪੋਂਜੀ ਸਕੀਮ ਨਾਲ ਜੁੜੇ ਇਕ ਮਾਮਲੇ ’ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ PACL (ਪਰਲਜ਼ ਗਰੁੱਪ) ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਕੇਂਦਰੀ ਜਾਂਚ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ ਅਤੇ ਆਸਟ੍ਰੇਲੀਆ ’ਚ ਸਥਿਤ 68 ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ। 

ਸਾਲ 2015 ਦੀ ਮਨੀ ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਵਲੋਂ  ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (PACL), ਪੀ.ਜੀ.ਐਫ ਲਿਮਟਿਡ, ਇਸ ਦੇ ਮੁੱਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਭੰਗੂ ਅਤੇ ਹੋਰਾਂ ਵਿਰੁਧ  ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ ਐਫ.ਆਈ.ਆਰ.  ਤੋਂ ਪੈਦਾ ਹੋਈ ਹੈ। 

ED ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ PACL ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48,000 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਏਜੰਸੀ ਨੇ ਕਿਹਾ ਕਿ ਲੱਖਾਂ ਭੋਲੇ-ਭਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੱਧ ਤਰੀਕੇ ਨਾਲ ਬਦਲਿਆ ਗਿਆ ਅਤੇ ਉਨ੍ਹਾਂ ਦੇ ਗੈਰ-ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਕੀਤੇ ਗਏ। 

ਜ਼ਬਤ ਕੀਤੀ ਗਈ ਜਾਇਦਾਦ ਭੰਗੂ, ਉਸ ਦੇ ਪਰਵਾਰਕ ਮੈਂਬਰਾਂ ਅਤੇ PACL ਨਾਲ ਜੁੜੀਆਂ ਇਕਾਈਆਂ ਦੇ ਨਾਮ ਉਤੇ  ਹੈ। ED ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਕੁਲ  ਕੀਮਤ 762.47 ਕਰੋੜ ਰੁਪਏ ਹੈ। ਭੰਗੂ ਦੀ ਪਿਛਲੇ ਸਾਲ ਅਗੱਸਤ  ਵਿਚ ਮੌਤ ਹੋ ਗਈ ਸੀ।