ਇੰਗਲੈਂਡ ਤੋਂ ਆਏ ਵਫ਼ਦ ਵਲੋਂ ਮੁੱਖ ਮੰਤਰੀ ਦੀ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਗਲੈਂਡ ਤੋਂ ਆਏ 14 ਨੌਜਵਾਨ ਮੈਂਬਰੀ ਵਫਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਚਲਾਏ ਗਏ ਪ੍ਰੋਗਰਾਮ 'ਆਪਣੀਆਂ ਜੜ੍ਹਾਂ ਨਾਲ ਜੁੜੋ' ਦੀ ਸ਼ਲਾਘਾ...

File image

ਜਲੰਧਰ/ਚੰਡੀਗੜ੍ਹ, 11 ਅਗਸਤ(ਸਪੋਕਸਮੈਨ ਸਮਾਚਾਰ ਸੇਵਾ) : ਇੰਗਲੈਂਡ ਤੋਂ ਆਏ 14 ਨੌਜਵਾਨ ਮੈਂਬਰੀ ਵਫਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਚਲਾਏ ਗਏ ਪ੍ਰੋਗਰਾਮ 'ਆਪਣੀਆਂ ਜੜ੍ਹਾਂ ਨਾਲ ਜੁੜੋ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਪਰਾਲੇ ਰਾਹੀ ਉਨ੍ਹਾਂ ਨੂੰ ਅਪਣੇ ਪੁਰਖਿਆਂ ਦੀ ਮਾਤ ਭੂਮੀ ਨਾਲ ਜੁੜਨ ਦਾ ਮੌਕਾ ਮਿਲਿਆ ਹੈ। 

ਅੱਜ ਜਲੰਧਰ ਵਿਚ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਮਸ਼ਹੂਰ ਕੰਪਨੀ 'ਸਾਵੀ ਇੰਟਰਨੈਸ਼ਨਲ' ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨਾਲ ਗੱਲਬਾਤ ਕਰਦਿਆਂ ਵਫ਼ਦ ਵਿੱਚ ਸ਼ਾਮਲ ਪ੍ਰੋਗਰਾਮ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਖੇੜਾ ਤੋਂ ਇਲਾਵਾ ਸੁਰਿੰਦਰ ਕੌਰ ਖੇੜਾ, ਕਰਨ ਖੇੜਾ, ਹਰਲੀਨ ਖੇੜਾ, ਸੇਰੇਨਾ ਜੱਸਲ, ਲਿਹ ਜੱਸਲ, ਜੈਸਨ ਦੋਸਾਂਝ, ਸਿਮਰਨ ਲਾਲ, ਕਾਜਲ ਲਾਲ, ਹੈਰੇ ਸਿੰਘ ਸੇਠੀ, ਹੁਨਰਦੀਪ ਸਿੰਘ ਸਿੱਧੂ, ਸਰਗਮ ਛਾਬੜਾ, ਤਰੁਨ ਪਵਾਰ, ਜਸਕਰਨ ਰਤਨ, ਸੰਜੀਤ ਰਤਨ, ਜਸ਼ਨ ਸਿੰਘ ਗਿੱਲ ਅਤੇ ਕਿਰਨ ਨੇ ਕਿਹਾ ਕਿ

ਇਸ ਪ੍ਰੋਗਰਾਮ ਰਾਹੀ ਉਨ੍ਹਾਂ ਨੂੰ ਪੰਜਾਬ ਦੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਬਾਰੇ ਅਣਮੁੱਲੀ ਜਾਣਕਾਰੀ ਮਿਲੀ ਹੈ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਬੜਾ ਹੀ ਯਾਦਗਾਰ ਰਹੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਦਾ ਸੁਭਾਗ ਹਾਸਲ ਹੋਇਆ ਹੈ ਜਿਸ ਨਾਲ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀ ਧਰਤੀ ਨਾਲ ਸਿੱਧੇ ਤੌਰ 'ਤੇ ਜੁੜਨ ਦਾ ਮੌਕਾ ਮਿਲਿਆ ਹੈ। ਵਿਰਾਸਤ-ਏ-ਖਾਲਸਾ ਅਤੇ ਹੋਰ ਥਾਵਾਂ 'ਤੇ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਜਾਣਕਾਰੀਆਂ ਹਾਸਲ ਹੋਈਆਂ, ਜਿਨ੍ਹਾਂ ਬਾਰੇ ਉਹ ਪੂਰੀ ਤਰ੍ਹਾਂ ਅਣਜਾਣ ਸਨ।

ਇਸ ਮੌਕੇ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕਰਦੇ ਹੋਏ ਇਸ ਵਫਦ ਵਿੱਚ ਸ਼ਾਮਲ ਨੌਜਵਾਨ ਕੁੜੀਆਂ/ਮੁੰਡਿਆਂ ਨੇ ਰਗਬੀ ਬਾਲ, ਫੁਟਬਾਲ ਦੇ ਡਿਜ਼ਾਇਨ, ਬਣਤਰ ਅਤੇ ਪੈਕਿੰਗ ਹੋਣ ਤੱਕ ਦਾ ਕੰਮ ਦੇਖਿਆ। ਸਾਵੀ ਇੰਟਰਨੈਸ਼ਨਲ ਦੇ ਡਾਇਰੈਟਕਰ ਮੁਕੁਲ ਵਰਮਾ ਨੇ ਬੱਚਿਆਂ ਨੂੰ ਸਮੁੱਚੀ ਪ੍ਰਕਿਰਿਆਂ ਬਾਰੇ ਬੜੀ ਬਾਰੀਕੀ ਨਾਲ ਦੱਸਿਆ। ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ, ਐਸ.ਡੀ.ਐਮ ਸ੍ਰੀ ਸੰਜੀਵ ਸ਼ਰਮਾ ਅਤੇ ਸ੍ਰੀ ਮੁਕੁਲ ਵਰਮਾ ਨੇ ਵਫਦ ਦਾ ਸਾਮਾਨ ਕੀਤਾ। ਇਸ ਮੌਕੇ 'ਤੇ ਮਾਲ ਅਫਸਰ ਗੁਰਪ੍ਰੀਤ ਸਿੰਘ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।