ਪੰਜਾਬ ਅੰਦਰ ਬਿਜਲੀ ਚੋਰੀ ਦਾ ਵਖਰਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਬਾਦਲ ਦਾ ਹਲਕਾ ਲੰਬੀ ਪੰਜਾਬ ਅੰਦਰ ਬਿਜਲੀ ਚੋਰੀ ਕਰਨ ਵਿਚ ਮੋਹਰੀ ਅਤੇ ਬਾਦਲ ਪਿੰਡ ਹਲਕੇ 'ਚੋ ਮੋਹਰੀ

Electricity

ਬਠਿੰਡਾ (ਦਿਹਾਤੀ) 11 ਅਗਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪੰਜਾਬ ਅੰਦਰ ਜ਼ਿਆਦਾ ਬਿਜਲੀ ਚੋਰੀ ਹੋਣ ਦਾ ਆਰਥਕ ਬੋਝ ਆਮ ਖਪਤਕਾਰਾਂ ਉਪਰ ਪੈਂਦਾ ਹੈ ਜਿਸ ਕਾਰਨ ਹੋਰਨਾਂ ਰਾਜਾਂ ਦੇ ਮੁਕਾਬਲੇ ਮਹਿੰਗੀ ਬਿਜਲੀ ਨੇ ਪੰਜਾਬ ਸਰਕਾਰ ਨੂੰ ਵੀ ਜਿੱਥੇ ਕਈ ਵਾਰ ਸਿਆਸੀ ਤੌਰ 'ਤੇ ਕਟਿਹਰੇ ਵਿਚ ਖੜਾ ਕੀਤਾ ਹੈ, ਉਥੇ ਬਿਜਲੀ ਦਾ ਸਹੀ ਬਿਲ ਭਰਨ ਵਾਲਿਆਂ ਦਾ ਆਰਥਕ ਪੱਖ ਤੋਂ ਕਚੂਮਰ ਨਿਕਲਿਆ ਪਿਆ ਹੈ। ਬਿਜਲੀ ਚੋਰੀ ਸਬੰਧੀ ਆਰ.ਟੀ.ਆਈ ਤਹਿਤ ਕੁਝ ਅਜਿਹੇ ਖੁਲਾਸੇ ਹੋਏ ਜਿਸ ਦੇ ਅਨੁਸਾਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਹਲਕੇ ਲੰਬੀ ਅੰਦਰ ਰਿਕਾਰਡਤੋੜ ਪੰਜਾਬ ਅੰਦਰ ਸਭ ਤੋ ਵਧੇਰੇ ਬਿਜਲੀ ਚੋਰੀ ਹੁੰਦੀ ਹੈ।

ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਲੰਬੀ ਤੋ ਆਰ.ਟੀ.ਆਈ ਕਾਰਕੁੰਨ ਸੱਤਪਾਲ ਗੋਇਲ ਵੱਲੋ ਮੰਗੀ ਜਾਣਕਾਰੀ 'ਤੇ ਜੋ ਖੁਲਾਸੇ ਹੋਏ ਅਪਣੇ ਆਪ ਵਿਚ ਰਿਕਾਰਡ ਹਨ। ਜਿਸ ਵਿਚ ਸਹਾਇਕ ਕਾਰਜਕਾਰੀ ਇੰਜੀਨੀਅਰ ਦੇ ਦਸਤਖਤਾਂ ਹੇਠ ਪ੍ਰਾਪਤ ਹੋਏ ਪੱਤਰ ਅਨੁਸਾਰ ਦਫਤਰ ਅਧੀਨ ਪਹਿਲੀ ਅਪ੍ਰੈਲ 18 ਤੋ 31 ਮਾਰਚ 19 ਤੱਕ 13.23 ਲੱਖ ਯੂਨਿਟ ਚੋਰੀ ਹੋਣ ਕਰਕੇ ਲੀਕੇਜ ਹੋਈ ਹੈ ਜਦਕਿ ਸਾਲ 2018-19 ਵਿਚ 325 ਖਪਤਕਾਰ ਚੋਰੀ ਕਰਦੇ ਫੜੇ ਗਏ, ਜਿਨ੍ਹਾਂ ਤੋ 33.23 ਲੱਖ ਰੁਪੈ ਰਿਕਵਰੀ ਕੀਤੀ ਗਈ ਹੈ ਅਤੇ ਇਸੇ ਦੋਰਾਨ ਹੀ ਐਮ.ਈ.ਲੈਬ ਬਠਿੰਡਾ ਵਿਖੇ 17 ਮੀਟਰ ਭੇਜੇ ਗਏ, ਜੋ ਬਿਜਲੀ ਚੋਰੀ ਦੇ ਕੇਸ ਪਾਏ ਗਏ ਅਤੇ ਇਸੇ ਦਫਤਰ ਦਾ ਇਕ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕਰੋਟ ਚੰਡੀਗੜ੍ਹ ਵਿਚ ਚਲ ਰਿਹਾ ਹੈ ਪਰ ਦਫਤਰ ਅਧੀਨ ਕਿਸੇ ਵੀ ਖਪਤਕਾਰ ਕੋਲੋ ਗਉ ਸੈਂਸ ਨਹੀ ਵਸੂਲਿਆ ਜਾਂਦਾ।

ਉਧਰ ਇਸੇ ਲੜੀ ਤਹਿਤ ਆਰ.ਟੀ.ਆਈ ਸੱਤਪਾਲ ਗੋਇਲ ਨੇ ਖੁਲਾਸਾ ਕੀਤਾ ਕਿ ਲੰਬੀ ਹਲਕੇ ਅੰਦਰ ਵੀ ਸਭ ਤੋ ਵੱਧ ਬਿਜਲੀ ਚੋਰੀ ਸਾਬਕਾ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਖੇ ਹੁੰਦੀ ਹੈ। ਜਿਸ ਦੇ ਲਿਖਤੀ ਸਬੂਤ ਦਿੰਦਿਆਂ ਉਨ੍ਹਾਂ ਸਹਾਇਕ ਕਾਰਜਕਾਰੀ ਇੰਜੀਨੀਅਰ (ਵੰਡ) ਉਪ ਮੰਡਲ ਬਾਦਲ ਅਨੁਸਾਰ ਇਕ ਵਰ੍ਹੇਂ ਪਹਿਲੀ ਅਪ੍ਰੈਲ 18 ਤੋ ਮਾਰਚ 19 ਦੇ ਅੰਤ ਤੱਕ 1.84 ਲੱਖ ਯੂਨਿਟ ਬਿਜਲੀ ਚੋਰੀ ਹੋਣ ਕਰਕੇ ਲੀਕੇਜ ਹੋਈ ਹੈ, ਪਰ ਸਿਰਫ 30 ਮੀਟਰ ਐਮ.ਈ ਲੈਬ ਵਿਚ ਭੇਜੇ ਗਏ, ਜਿਨ੍ਹਾਂ ਵਿਚੋ ਦਰਜਣ ਭਰ ਮੀਟਰ ਬਿਜਲੀ ਚੋਰੀ ਦੇ ਪਾਏ ਗਏ ਅਤੇ ਉਨ੍ਹਾਂ ਨੂੰ 24 ਲੱਖ ਰੁਪੈ ਜੁਰਮਾਨਾ ਕੀਤਾ ਗਿਆ ਅਤੇ 15.17 ਲੱਖ ਰੁਪੈ ਦੀ ਰਿਕਵਰੀ ਕਰਵਾਈ ਗਈ ਅਤੇ 4 ਮਾਮਲੇ ਬਠਿੰਡਾ ਅਦਾਲਦਤ ਵਿਚ ਵਿਚਾਰ ਅਧੀਨ ਹਨ। ਗੋਇਲ ਨੇ ਕਿਹਾ ਬਿਜਲੀ ਚੋਰੀ ਨੂੰ ਠੱਲ ਪਾ ਕੇ ਆਮ ਲੋਕਾਂ ਨੂੰ ਰਾਹਤ ਦਿਤੀ ਜਾਵੇ।