ਕਾਲੀ-ਆਜ਼ਾਦੀ ਮਨਾਉਣਗੇ ਬੇਰੁਜ਼ਗਾਰ ਬੀਐੱਡ ਅਧਿਆਪਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰਾਂ ਦੇ ਕੋਠਿਆਂ 'ਤੇ ਲਾਈਆਂ ਕਾਲੀਆਂ ਝੰਡੀਆਂ

File Photo

ਚੰਡੀਗੜ੍ਹ, 11 ਅਗੱਸਤ (ਨੀਲ ਭਲਿੰਦਰ) : ਪਿਛਲੇ ਦੋ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟਾਉਂਦਿਆਂ ਕਾਲ਼ੀ-ਆਜ਼ਾਦੀ ਮਨਾਉਣ ਦਾ ਫ਼ੈਸਲਾ ਕੀਤਾ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਯੂਨੀਅਨ ਦੇ ਪੰਜਾਬ ਭਰ ਦੇ ਸਾਰੇ ਸਰਗਰਮ ਆਗੂਆਂ ਨੇ ਅਪਣੇ ਘਰਾਂ ਦੇ ਕੋਠਿਆਂ 'ਤੇ ਕਾਲੀਆਂ ਝੰਡੀਆਂ ਲਾ ਦਿਤੀਆਂ ਹਨ। ਇਸ ਦੇ ਨਾਲ ਹੀ 15 ਅਗੱਸਤ ਨੂੰ ਸੰਗਰੂਰ ਵਿਖੇ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਦੀ ਚਿਤਾਵਨੀ ਦਿਤੀ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵਲੋਂ ਵਾਅਦਾ ਕੀਤੇ ਜਾਣ 'ਤੇ ਵੀ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਨਾ ਹੋਣ 'ਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਤਿੱਖੇ ਰੋਸ 'ਚ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ 'ਤੇ ਗੌਰ ਕਰਦਿਆਂ ਕਰਦਿਆਂ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ 17 ਜੁਲਾਈ ਨੂੰ ਕੀਤੇ ਜਾਣ ਵਾਲੇ ਘਿਰਾਉ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਸੀ ਅਤੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਹਫ਼ਤੇ ਤਕ ਯੂਨੀਅਨ ਦੇ ਵਫ਼ਦ ਦੀ ਮੀਟਿੰਗ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਕਰਵਾਈ ਜਾਵੇਗੀ। ਪਰ ਵਾਅਦਾ ਵਫ਼ਾ ਨਾ ਹੋਇਆ। ਇਸ ਕਰ ਕੇ ਬੇਰੁਜ਼ਗਾਰ ਬੀਐੱਡ ਅਧਿਆਪਕ ਤਿੱਖੇ ਸੰਘਰਸ਼ ਦੇ ਰੌਂਅ 'ਚ ਹਨ।

ਢਿੱਲਵਾਂ ਨੇ ਕਿਹਾ ਕਿ  ਸਾਰੀਆਂ ਵਿਦਿਅਕ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਨੌਕਰੀ ਲਈ ਨਿਰਧਾਰਤ ਉਮਰ-ਹੱਦ ਲੰਘਾ ਚੁੱਕੇ ਹਨ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਜੋ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ 'ਚ ਨਾਕਾਮਯਾਬ ਰਹੀ ਹੈ। ਪੰਜਾਬ ਸਰਕਾਰ ਵਲੋਂ ਸਿਖਿਆ ਵਿਭਾਗ ਵਲੋਂ ਕੱਢੀਆਂ ਮਾਸਟਰ ਕਾਡਰ ਦੀਆਂ ਅਸਾਮੀਆਂ 'ਚ ਅਹਿਮ ਵਿਸ਼ਿਆਂ ਦੀਆਂ ਅਸਾਮੀਆਂ ਬਹੁਤ ਘੱਟ ਹਨ, ਸਮਾਜਕ ਸਿਖਿਆ ਦੀਆਂ 54, ਪੰਜਾਬੀ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਕੱਢੀਆਂ ਹਨ, ਇਨ੍ਹਾਂ ਅਸਾਮੀਆਂ 'ਚ ਉਮਰ-ਹੱਦ 37 ਤੋਂ 42 ਸਾਲ ਕਰਨ ਅਤੇ ਅਸਾਮੀਆਂ ਦੀ ਗਿਣਤੀ ਵਧਾਉਣ ਦੀ ਮੰਗ ਕਰਦਿਆਂ ਬੇਰੁਜ਼ਗਾਰ ਜਥੇਬੰਦੀਆਂ ਨੇ ਮੰਗਾਂ ਦਾ ਹੱਲ ਨਾ ਹੋਣ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿਤੀ ਹੈ।

ਦੋਵਾਂ ਹੀ ਜਥੇਬੰਦੀਆਂ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹੁਣ ਵਿਦਿਅਕ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰਾਂ ਅੱਗੇ ਉਮਰ-ਹੱਦ ਲੰਘਣ ਦੀ ਸ਼ਰਤ ਲਾਈ ਜਾ ਰਹੀ ਹੈ।