ਦਲਿਤਾਂ ਤੋਂ ਬਿਜਲੀ ਦਾ ਬਕਾਇਆ ਲੈਣ ਦਾ ਫ਼ੈਸਲਾ ਵਾਪਸ ਲਵੇੇ ਸਰਕਾਰ : ਭਗਵੰਤ ਮਾਨ
ਦਲਿਤਾਂ ਤੋਂ ਬਿਜਲੀ ਦਾ ਬਕਾਇਆ ਲੈਣ ਦਾ ਫ਼ੈਸਲਾ ਵਾਪਸ ਲਵੇੇ ਸਰਕਾਰ : ਭਗਵੰਤ ਮਾਨ
ਚੰਡੀਗੜ੍ਹ, 11 ਅਗੱਸਤ (ਸੁਰਜੀਤ ਸਿੰਘ ਸੱਤੀ): 'ਆਪ' ਦੇ ਪੰਜਾਬ ਪ੍ਰਧਾਨ ਐਮਪੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਲਿਤਾਂ ਤੋਂ ਬਿਜਲੀ ਦਾ 137.56 ਕਰੋੜ ਰੁਪਏ ਬਕਾਇਆ ਵਸੂਲਣ ਦਾ ਫ਼ੈਸਲਾ ਵਾਪਸ ਲਿਆ ਜਾਵੇ | ਉਨ੍ਹਾਂ ਕਿਹਾ ਕਿ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈ ਰਹੇ 4.37 ਲੱਖ ਦਲਿਤ ਖਪਤਕਾਰ ਹਨ | ਉਨ੍ਹਾਂ ਦਸਿਆ ਕਿ ਪਿਛਲੀ ਅਕਾਲੀ- ਭਾਜਪਾ ਸਰਕਾਰ ਨੇ 200 ਯੂਨਿਟ ਮੁਫ਼ਤ ਬਿਜਲੀ ਯੋਜਨਾ ਲਾਗੂ ਤਾਂ ਕਰ ਦਿਤੀ, ਪ੍ਰੰਤੂ ਇਸ ਯੋਜਨਾ ਨੂੰ ਚਾਲੂ ਰੱਖਣ ਲਈ ਪੈਸੇ ਦਾ ਦੂਰ ਅੰਦੇਸ਼ੀ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਤਹਿਤ 31 ਮਾਰਚ 2016 ਤਕ ਇਸ ਯੋਜਨਾ ਅਧੀਨ ਸਰਕਾਰ ਸਿਰ ਪਾਵਰਕਾਮ ਪੀ-1 ਦੇ 137.56 ਕਰੋੜ ਰੁਪਏ ਦਾ ਬਕਾਇਆ ਖੜਾ ਹੋ ਗਿਆ ਤੇ ਮੌਜੂਦਾ ਸਰਕਾਰ ਨੇ ਇਹ ਬਕਾਇਆ ਰਾਸ਼ੀ ਦੇਣ ਤੋਂ ਨਾਂਹ ਕਰਦੇ ਹੋਏ ਪਾਵਰਕਾਮ (ਬਿਜਲੀ ਬੋਰਡ) ਨੂੰ ਇਹ 137.56 ਕਰੋੜ ਰੁਪਏ 4.37 ਲੱਖ ਲਾਭਪਾਤਰੀ ਦਲਿਤ ਪ੍ਰਵਾਰਾਂ ਤੋਂ ਵਸੂਲਣ ਲਈ ਆਖ ਦਿਤਾ ਹੈ | 'ਆਪ' ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਹ ਫ਼ੈਸਲਾ ਤੁਰਤ ਵਾਪਸ ਲੈਣਾ ਚਾਹੀਦਾ ਹੈ | ਭਗਵੰਤ ਮਾਨ ਨੇ ਸੁਖਬੀਰ ਬਾਦਲ ਕੋਲੋਂ ਇਸ ਮੁੱਦੇ 'ਤੇ ਸਪਸ਼ਟੀਕਰਨ ਮੰਗਿਆ ਕਿ 200 ਯੂਨਿਟ ਬਿਜਲੀ ਦੇ ਖ਼ਰਚ ਦਾ ਪ੍ਰਬੰਧ ਨਹੀਂ ਕੀਤਾ ਤੇ ਹੁਣ 400 ਯੂਨਿਟਾਂ ਦਾ ਵਾਅਦਾ ਕਿਵੇਂ ਨਿਭਾਉਣਗੇ |