ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
ਟਰੱਕ ਡਰਾਇਵਰ ਦਾ ਕੰਮ ਕਰਦਾ ਸੀ ਮ੍ਰਿਤਕ
ਜਲੰਧਰ (ਸੁਸ਼ੀਲ ਹੰਸ) ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।
ਅਜਿਹਾ ਹੀ ਮਾਮਲਾ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਮਸ਼ੇਰ ਸਿੰਘ ਟਰੱਕ ਦਾ ਗੇੜਾ ਲਗਾ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਟਰੱਕ ਵਿੱਚੋ ਕੋਈ ਅਵਾਜ਼ ਆਉਣ ਲੱਗ ਗਈ।
ਸਮਸ਼ੇਰ ਟਰੱਕ ਨੂੰ ਸਾਈਡ ਤੇ ਲਗਾ ਕੇ ਟਰੱਕ ਵਿੱਚੋਂ ਹੋਈ ਖਰਾਬੀ ਨੂੰ ਦੇਖਣ ਲੱਗਾ ਤਾਂ ਉਸ ਦੇ ਟਰੱਕ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਇਸ ਟੱਕਰ ਨਾਲ ਉਹ ਟਰੱਕ ਅਤੇ ਕੰਧ ਦੇ ਵਿਚਕਾਰ ਘੁੱਟਿਆ ਗਿਆ।
ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸ਼ਮਸ਼ੇਰ ਸਿੰਘ ਗੁਰਾਇਆ ਨੇੜਲੇ ਪਿੰਡ ਢੰਡਾ ਦਾ ਵਸਨੀਕ ਸੀ। ਸ਼ਮਸ਼ੇਰ ਸਿੰਘ ਅਮਰੀਕਾ ‘ਚ ਆਪਣੇ ਪਿੱਛੇ ਆਪਣੀ ਪਤਨੀ, ਦੋ ਬੇਟੀਆ ਅਤੇ ਇੱਕ ਬੇਟੇ ਨੂੰ ਛੱਡ ਗਿਆ। ਸਮਸ਼ੇਰ ਦੀ ਇਸ ਮੌਤ ਨਾਲ ਅਮਰੀਕਾ ਦੀ ਟਰੱਕਿੰਗ ਇੰਡਸਟਰੀ ‘ਚ ਵੀ ਸੋਗ ਦੀ ਲਹਿਰ ਹੈ।