ਰਾਜ ਸਭਾ 'ਚ ਭਾਵੁਕ ਹੋਏ ਸਪੀਕਰ ਵੈਂਕਈਆ ਨਾਇਡੂ

ਏਜੰਸੀ

ਖ਼ਬਰਾਂ, ਪੰਜਾਬ

ਰਾਜ ਸਭਾ 'ਚ ਭਾਵੁਕ ਹੋਏ ਸਪੀਕਰ ਵੈਂਕਈਆ ਨਾਇਡੂ

image

ਕਿਹਾ, ਲੋਕਤੰਤਰ ਦੇ ਸਰਵਉੱਚ ਮੰਦਰ ਦੀ ਪਵਿੱਤਰਤਾ ਭੰਗ ਕੀਤੀ ਗਈ, ਸਾਰੀ ਰਾਤ ਸੌਂ ਨਹੀਂ ਸਕਿਆ'

ਨਵੀਂ ਦਿੱਲੀ, 11 ਅਗੱਸਤ : ਰਾਜ ਸਭਾ ਦੇ ਸਪੀਕਰ ਐਮ. ਵੈਂਕਈਆ ਨਾਇਡੂ ਨੇ ਸਦਨ 'ਚ ਮੰਗਲਵਾਰ ਨੂੰ  ਵਿਰੋਧੀ ਦਲ ਦੇ ਕੁੱਝ ਮੈਂਬਰਾਂ ਵਲੋਂ ਹੰਗਾਮਾ ਕਰਨ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਨੇ ਅਪਣਾ ਬਿਆਨ ਖੜੇ ਹੋ ਕੇ ਪੜਿ੍ਹਆ ਅਤੇ ਇਸ ਦੌਰਾਨ ਉਹ ਕਾਫੀ ਭਾਵੁਕ ਹੋ ਗਏ | 
ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਮੰਗਲਵਾਰ ਨੂੰ  ਹੋਈ ਘਟਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਮਾਨਸੂਨ ਸੈਸ਼ਨ ਦੌਰਾਨ ਕੁੱਝ ਮੈਂਬਰਾਂ 'ਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਹੋਈ ਹੈ ਜੋ ਦੁਖਦ ਹੈ | ਕਿਸੇ ਵੀ ਪਵਿੱਤਰ ਸਥਾਨ ਦੀ ਮਾਣਹਾਨੀ ਗ਼ਲਤ ਹੈ | ਮੰਦਰ ਦਾ ਗਰਭਗ੍ਰਹਿ ਬਹੁਤ ਮਹੱਤਵਪੂਰਨ ਹੁੰਦਾ ਹੈ | ਲੋਕਤੰਤਰ 'ਚ ਇਹ ਸਦਨ ਵੀ ਇਕ ਮੰਦਰ ਦੇ ਸਮਾਨ ਹੈ | ਇਥੇ ਜਨਰਲ ਸਕੱਤਰ ਅਤੇ ਰਿਪੋਰਟਰ ਬੈਠਦੇ ਹਨ | ਮੰਗਲਵਾਰ ਨੂੰ  ਕੱੁਝ ਮੈਂਬਰਾਂ ਨੇ ਇੱਥੇ ਗਲਤ ਕੰਮ ਕੀਤਾ ਅਤੇ ਜਾਇਦਾਦ ਨੂੰ  ਨੁਕਸਾਨ ਪਹੁੰਚਾਇਆ | ਅਫ਼ਸੋਸ ਜ਼ਾਹਰ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਉਹ ਸੌਂ ਨਹੀਂ ਸਕੇ, ਕਿਉਂਕਿ ਲੋਕਤੰਤਰ 
ਦੇ ਸਰਵਉੱਚ ਮੰਦਰ ਦੀ ਪਵਿੱਤਰਤਾ ਭੰਗ ਕੀਤੀ ਗਈ | ਸੰਸਦ ਲੋਕਤੰਤਰ ਦਾ ਸਰਵਉੱਚ ਮੰਦਰ ਹੁੰਦਾ ਹੈ ਅਤੇ ਇਸ ਦੀ ਪਵਿੱਤਰਤਾ 'ਤੇ ਖਰੋਚ ਨਹੀਂ ਆਉਣ ਦੇਣੀ ਚਾਹੀਦੀ | 
ਵੱਖ ਵੱਖ ਮੁੱਦਿਆਂ 'ਤੇ ਵਿਰੋਧੀ ਧਿਰਾਂ ਵਲੋ ਚੇਅਰ ਦੇ ਕੋਲ ਆ ਕੇ ਹੰਗਾਮਾ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਸਪੀਕਰ ਨੇ ਅੱਜ ਕਿਹਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਰੁਕਾਵਟਾਂ ਪਾਉਣ ਲਈ ਕੁੱਝ ਵਰਗਾਂ 'ਚ ਜਿਵੇਂ ਹੋੜ ਜਿਹੀ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਕੱਲ ਜੋ ਦੁਖਦ ਘਟਨਾ ਹੋਈ, ਉਸ ਸਮੇਂ ਸਦਨ ਵਿਚ ਖੇਤੀ ਖੇਤਰ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ 'ਤੇ ਚਰਚਾ ਹੋ ਰਹੀ ਸੀ ਜੋ ਇਕ ਅਹਿਮ ਵਿਸ਼ੇ ਹੈ | ਉਨ੍ਹਾਂ ਕਿਹਾ ਕਿ ਕੱਲ ਦੀ ਕਾਰਜਸੂਚੀ ਵਿਚ ਇਹ ਚਰਚਾ ਸੂਚੀਬੱਧ ਸੀ ਅਤੇ ਇਸ ਦੇ ਲਈ ਵਿਆਪਕ ਸਹਿਮਤੀ ਵੀ ਸੀ | 
    (ਏਜੰਸੀ)

ਰਾਜ ਸਭਾ 'ਚ ਜੋ ਮੈਂ ਕੀਤਾ, ਉਸ 'ਤੇ ਕੋਈ ਪਛਤਾਵਾ ਨਹੀਂ: ਬਾਜਵਾ

ਕਿਹਾ, ਗੁੰਗੀ ਬੋਲੀ ਸਰਕਾਰ ਤਕ ਆਵਾਜ਼ ਪਹੁੰਚਾਉਣ ਲਈ ਇਹ ਜ਼ਰੂਰੀ ਸੀ, ਇਸ ਦੀ ਕੋਈ ਵੀ ਸਜ਼ਾ ਭੁਗਤਣ ਤੋਂ ਵੀ ਨਹੀਂ ਡਰਦਾ

ਖੇਤੀ ਬਿਲਾਂ 'ਤੇ ਸੰਸਦ ਵਿਚ ਖੁਲ੍ਹੀ ਬਹਿਸ ਦੀ ਸਰਕਾਰ ਨੂੰ  ਦਿਤੀ ਚੁਨੌਤੀ


ਚੰਡੀਗੜ੍ਹ, 11 ਅਗੱਸਤ (ਗੁਰਉਪਦੇਸ਼ ਭੁੱਲਰ): ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੋ ਉਨ੍ਹਾਂ ਬੀਤੇ ਦਿਨੀਂ ਰਾਜ ਸਭਾ ਵਿਚ ਕੀਤਾ ਹੈ, ਉਸ ਦਾ ਮੈਨੂੰ ਕੋਈ ਪਛਤਾਵਾ ਨਹੀਂ | ਇਸ ਲਈ ਕੋਈ ਵੀ ਸਜ਼ਾ ਭੁਗਤਣ ਤੋਂ ਨਹੀਂ ਡਰਦਾ |
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਦਿਤੇ ਬਿਆਨ 'ਤੇ ਪਲਟਵਾਰ ਕਰਦਿਆਂ ਬਾਜਵਾ ਨੇ ਕਿਹਾ ਕਿ ਕੀ 2020 ਵਿਚ ਜੋ ਦਿੱਲੀ ਵਿਚ ਹੋਇਆ ਉਹ ਸ਼ਰਮਨਾਕ ਨਹੀਂ ਸੀ? ਉਨ੍ਹਾਂ ਅਨੁਰਾਗ ਠਾਕੁਰ ਨੂੰ  ਸੰਬੋਧਨ ਹੁੰਦਿਆਂ ਟਵੀਟ ਕਰ ਕੇ ਕਿਹਾ ਕਿ ਤੁਹਾਡੇ ਵਰਗੇ ਲੋਕਾਂ ਨੇ ਹੀ ਭੜਕਾਊ ਬਿਆਨ ਦੇ ਕੇ ਹਿੰਸਾ ਫੈਲਾਉਣ ਵਾਲਿਆਂ ਨੂੰ  ਹੱਲਾਸ਼ੇਰੀ ਦਿਤੀ ਸੀ | ਬਾਜਵਾ ਦਾ ਕਹਿਣਾ ਹੈ ਕਿ ਜਦੋਂ ਮੋਦੀ ਸਰਕਾਰ ਸਾਡੀ ਗੱਲ ਹੀ ਸੁਨਣ ਨੂੰ  ਤਿਆਰ ਨਹੀਂ ਤਾਂ ਸਾਡੇ ਕੋਲ ਰਾਜ ਸਭਾ ਵਿਚ ਇਸ ਤਰ੍ਹਾਂ ਵਿਰੋਧ ਕਰ ਕੇ ਅਪਣੀ ਆਵਾਜ਼ ਗੁੰਗੇ ਬੋਲੇ ਪ੍ਰਧਾਨ ਮੰਤਰੀ ਤਕ ਪਹੁੰਚਾਉਣ ਲਈ ਹੋਰ ਕਿਹੜਾ ਰਾਹ ਸੀ? ਵਾਰ ਵਾਰ ਸਰਕਾਰ ਕੰਮ ਰੋਕੂ ਮਤੇ ਰੱਦ ਕਰ ਰਹੀ ਹੈ ਅਤੇ ਸੈਸ਼ਨ ਦੇ ਆਖ਼ਰ ਵਿਚ ਇਕ ਬਿਆਨ ਦਿਵਾਊ ਮਤੇ ਨੂੰ  ਖੇਤੀ ਸਮੱਸਿਆ ਤੇ ਸੰਖੇਪ ਬਹਿਸ ਦੇ ਨਾਂ ਹੇਠ ਅਪਣਾ ਪੱਲਾ ਝਾੜਨਾ ਚਾਹੁੰਦੀ ਸੀ | ਉਨ੍ਹਾਂ ਕਿਹਾ ਕਿ ਸਰਕਾਰ ਵਿਚ ਦਮ ਹੈ ਤਾਂ ਸੰਸਦ ਵਿਚ ਹੋਰ ਸਾਰੇ ਕੰਮ ਮੁਲਤਵੀ ਕਰ ਕੇ ਪਹਿਲਾਂ ਖੇਤੀ ਬਿਲਾਂ 'ਤੇ ਖੁਲ੍ਹੀ ਬਹਿਸ ਕਰਵਾਏ | ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ 500 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਤੇ ਇਸ ਲਈ ਸੰਸਦ ਵਿਚ ਆਵਾਜ਼ ਨਾ ਉਠਾਈ ਤਾਂ ਹੋਰ ਕਿਥੇ ਜਾਈਏ?