ਪਾਨੀਪਤ 'ਚ 2ਜੀ ਇਥਾਨੋਲ ਪਲਾਂਟ ਦੇ ਉਦਘਾਟਨ ਮੌਕੇ ਮੋਦੀ ਨੇ ਵਿਰੋਧੀਆਂ 'ਤੇ ਵਿੰਨਿ੍ਹਆ ਨਿਸ਼ਾਨਾ

ਏਜੰਸੀ

ਖ਼ਬਰਾਂ, ਪੰਜਾਬ

ਪਾਨੀਪਤ 'ਚ 2ਜੀ ਇਥਾਨੋਲ ਪਲਾਂਟ ਦੇ ਉਦਘਾਟਨ ਮੌਕੇ ਮੋਦੀ ਨੇ ਵਿਰੋਧੀਆਂ 'ਤੇ ਵਿੰਨਿ੍ਹਆ ਨਿਸ਼ਾਨਾ

image

ਪਾਨੀਪਤ, 11 ਅਗੱਸਤ : ਪ੍ਰਧਾਨ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਤੋਂ ਦੇਸ਼ 'ਚ ਮੁਫ਼ਤ ਚੀਜ਼ਾਂ ਵੰਡਣ ਵਰਗੀਆਂ ਸਕੀਮਾਂ ਨੂੰ  ਗਲਤ ਦਸਿਆ ਹੈ | ਉਨ੍ਹਾਂ ਕਾਂਗਰਸ ਵਲੋਂ 5 ਅਗੱਸਤ ਨੂੰ  ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕਰਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ  'ਕਾਲਾ ਜਾਦੂ' ਕਰਨ ਨਾਲ ਉਨ੍ਹਾਂ ਦਾ ਨਿਰਾਸ਼ਾ ਦਾ ਦੌਰ ਖ਼ਤਮ ਨਹੀਂ ਹੋਣ ਵਾਲਾ | ਪਾਨੀਪਤ ਦੇ 2ਜੀ ਈਥਾਨੌਲ ਪਲਾਂਟ ਦੇ ਉਦਘਾਟਨ ਮੌਕੇ ਉਨ੍ਹਾਂ ਨੇ ਕਿਹਾ ਕਿ ਰਿਉੜੀ ਕਲਚਰ ਦੇਸ਼ ਨੂੰ  ਆਤਮ-ਨਿਰਭਰ ਬਣਨ ਤੋਂ ਰੋਕਦਾ ਹੈ | ਇਸ ਦੌਰਾਨ ਉਨ੍ਹਾਂ ਨੇ ਪਟਰੌਲ-ਡੀਜ਼ਲ ਨੂੰ  ਲੈ ਕੇ ਅਜਿਹਾ ਬਿਆਨ ਦਿਤਾ, ਜਿਸ 'ਤੇ ਵਿਰੋਧੀ ਪਾਰਟੀ ਦੇ ਨੇਤਾ ਉਨ੍ਹਾਂ ਨੂੰ  ਕੋਸ ਰਹੇ ਹਨ | 
ਮੋਦੀ ਦਾ ਇਹ ਬਿਆਨ ਮੁਫ਼ਤ ਰਿਉੜੀ ਕਲਚਰ ਨੂੰ  ਲੈ ਕੇ ਸੀ | ਉਨ੍ਹਾਂ ਨੇ ਕਿਹਾ ਕਿ ਕੋਈ ਵੀ ਆ ਕੇ ਮੁਫ਼ਤ ਪਟਰੌਲ-ਡੀਜ਼ਲ ਦੇਣ ਦਾ ਐਲਾਨ ਕਰ ਸਕਦਾ ਹੈ | ਅਜਿਹੇ ਕਦਮ ਦੇਸ਼ ਦੇ ਬੱਚਿਆਂ ਦਾ ਭਵਿੱਖ ਖੋਹ ਲੈਣਗੇ ਅਤੇ ਦੇਸ਼ ਨੂੰ  ਆਤਮ-ਨਿਰਭਰ ਬਣਨ ਤੋਂ ਰੋਕਣਗੇ | 
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰਾਸ਼ਾ ਅਤੇ ਨਕਾਰਾਤਮਕਤਾ 'ਚ ਡੁੱਬੇ ਲੋਕ ਕਾਲੇ ਜਾਦੂ ਦਾ ਸਹਾਰਾ ਲੈ ਰਹੇ ਹਨ | ਅਸੀਂ 5 ਅਗਸਤ ਨੂੰ  ਵੇਖਿਆ ਕਿ ਕਾਲਾ ਜਾਦੂ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਇਹ ਲੋਕ ਸੋਚਦੇ ਹਨ ਕਿ ਕਾਲਾ ਕੱਪੜਾ ਪਹਿਨਣ ਨਾਲ ਉਨ੍ਹਾਂ ਦੀ ਨਿਰਾਸ਼ਾ ਦਾ ਦੌਰ ਖਤਮ ਹੋ ਜਾਵੇਗਾ ਪਰ ਇਹ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਕਿੰਨਾ ਵੀ ਕਾਲਾ ਜਾਦੂ ਕਰ ਲੈਣ ਅਤੇ ਅੰਧਵਿਸ਼ਵਾਸ ਕਰਨ, ਲੋਕ ਕਦੇ ਵੀ ਉਨ੍ਹਾਂ 'ਤੇ ਭਰੋਸਾ ਨਹੀਂ ਕਰਨਗੇ | ਪ੍ਰਧਾਨ ਮੰਤਰੀ ਦਾ ਇਹ ਨਿਸ਼ਾਨਾ ਕਾਂਗਰਸ ਵੱਲ ਸੀ | ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਕੋਲ ਜਦੋਂ ਧਨ ਹੀ ਨਹੀਂ ਹੋਵੇਗਾ ਤਾਂ ਫਿਰ ਉਹ ਕਿਵੇਂ ਵੱਡੇ-ਵੱਡੇ ਪਲਾਂਟ ਲਾਏਗੀ | ਸਾਨੂੰ ਇਹ ਯਾਦ ਰਖਣਾ ਹੈ ਕਿ ਅਸੀਂ ਰਹੀਏ ਜਾਂ ਨਾ ਰਹੀਏ, ਇਹ ਰਾਸ਼ਟਰ ਤਾਂ ਹਮੇਸ਼ਾ ਰਹੇਗਾ | ਸਦੀਆਂ ਤੋਂ ਰਹਿੰਦਾ ਆਇਆ ਹੈ ਅਤੇ ਸਦੀਆਂ ਤਕ ਰਹੇਗਾ |  (ਪੀਟੀਆਈ)