Diljit Dosanjh ਦਾ ਅਮਰੀਕਾ ਦੇ ਐਪਲ ਸਟੂਡੀਓ 'ਚ ‘ਤੇਲ' ਚੋਅ ਕੇ ਕੀਤਾ ਗਿਆ ਸਵਾਗਤ
ਗਾਇਕੀ ਤੇ ਐਕਟਿੰਗ ਨਾਲ ਦਿਲਜੀਤ ਨੇ ਬਣਾਈ ਹੈ ਵਿਸ਼ਵ ਭਰ ’ਚ ਪਹਿਚਾਣ
Diljit Dosanjh welcomed News : ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਵਿਸ਼ਵ ਭਰ ਪਛਾਣ ਬਣਾਈ ਹੈ। ਬੀਤੇ ਸੋਮਵਾਰ ਨੂੰ ਉਹ ਅਮਰੀਕਾ ਦੇ ਲਾਸ ਏਂਜਲਸ ਵਿੱਚ ਐਪਲ ਮਿਊਜ਼ਿਕ ਦੇ ਸਟੂਡੀਓ ਪਹੁੰਚੇ। ਇਹ ਭਾਰਤੀ ਸੰਗੀਤ ਲਈ ਇੱਕ ਖਾਸ ਮੌਕਾ ਸੀ ਕਿਉਂਕਿ ਇੱਥੇ ਬਹੁਤ ਘੱਟ ਭਾਰਤੀ ਕਲਾਕਾਰ ਆਉਂਦੇ ਹਨ।
ਦਿਲਜੀਤ ਦੇ ਸਵਾਗਤ ਲਈ ਐਪਲ ਮਿਊਜ਼ਿਕ ਦੇ ਸਟੂਡੀਓ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ, ਜਿੱਥੇ ਦਿਲਜੀਤ ਦੁਸਾਂਝ ਦਾ ਸਵਾਗਤ ਸਰ੍ਹੋਂ ਦਾ ਤੇਲ ਚੋ ਕੇ ਕੀਤਾ ਗਿਆ, ਇਹ ਪਰੰਪਰਾ ਭਾਰਤੀ ਸੱਭਿਆਚਾਰ ਅਨੁਸਾਰ ਵਿਸ਼ੇਸ ਮਹਿਮਾਨ ਦੇ ਸ਼ੁਭ ਆਗਮਨ ’ਤੇ ਨਿਭਾਈ ਜਾਂਦੀ ਹੈ। ਐਪਲ ਮਿਊਜ਼ਿਕ ਨੇ ਨਾ ਸਿਰਫ਼ ਇਸ ਪਰੰਪਰਾ ਨਾਲ ਦਿਲਜੀਤ ਦੁਸਾਂਝ ਨੂੰ ਸਨਮਾਨਿਤ ਹੀ ਨਹੀਂ ਕੀਤਾ, ਸਗੋਂ ਅੰਤਰਰਾਸ਼ਟਰੀ ਮੰਚ ’ਤੇ ਭਾਰਤੀ ਸੱਭਿਆਚਾਰ ਨੂੰ ਅੱਗੇ ਵੀ ਵਧਾਇਆ।
ਇਸ ਮੌਕੇ ’ਤੇ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਮਸ਼ਹੂਰ ਰੈਪਰ ਬਿਗ ਦ ਪਲੱਗ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਕਲਾਕਾਰਾਂ ਨੇ ਸੰਗੀਤ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਭਵਿੱਖ ਵਿੱਚ ਇਕੱਠੇ ਕੰਮ ਕਰਨ ਦੇ ਸੰਕੇਤ ਦਿੱਤੇ। ਦਿਲਜੀਤ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ’ਤੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਵੇਂ ਸਹਿਯੋਗ ਬਾਰੇ ਉਤਸੁਕ ਹੋ ਗਏ ਹਨ।
ਐਪਲ ਮਿਊਜ਼ਿਕ ਸਟੂਡੀਓ ਵਿੱਚ ਦਿਲਜੀਤ ਦੋਸਾਂਝ ਦਾ ਸਵਾਗਤ ਭਾਰਤੀ ਸੰਗੀਤ ਉਦਯੋਗ ਲਈ ਇੱਕ ਵੱਡਾ ਮੀਲ ਪੱਥਰ ਹੈ। ਇਹ ਸਾਬਤ ਕਰਦਾ ਹੈ ਕਿ ਭਾਰਤੀ ਕਲਾਕਾਰ ਹੁਣ ਸਿਰਫ਼ ਬਾਲੀਵੁੱਡ ਜਾਂ ਖੇਤਰੀ ਪੱਧਰ ’ਤੇ ਸੀਮਤ ਨਹੀਂ ਹਨ, ਸਗੋਂ ਅੰਤਰਰਾਸ਼ਟਰੀ ਪਲੇਟਫਾਰਮਾਂ ’ਤੇ ਵੀ ਆਪਣੀ ਪਛਾਣ ਬਣਾ ਰਹੇ ਹਨ।