Mannapuram ਗੋਲਡ ਲੋਨ ਦੀ ਜਲੰਧਰ ਸ਼ਾਖਾ ਤੋਂ 5 ਗਾਹਕਾਂ ਦਾ ਸੋਨਾ ਹੋਇਆ ਗਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਾਹਕਾਂ ਨੇ ਕੀਤਾ ਹੰਗਾਮਾ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ

Gold belonging to 5 customers goes missing from Jalandhar branch of Mannapuram Gold Loan

Mannapuram Gold Loan Jalandhar branch news  : ਜਲੰਧਰ ਦੇ ਪਠਾਨਕੋਟ ਚੌਕ ’ਤੇ ਸਥਿਤ ਮੰਨਾਪੁਰਮ ਗੋਲਡ ਲੋਨ ਸ਼ਾਖਾ ’ਚੋਂ ਗਾਹਕਾਂ ਦਾ ਸੋਨਾ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸ਼ਾਖਾ ਵਿੱਚ ਹਫੜਾ-ਦਫੜੀ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਾਂਚ ਦੇ 5 ਗਾਹਕਾਂ ਨੇ ਸੋਨਾ ਚੋਰੀ ਹੋਣ ਦੀ ਸ਼ਿਕਾਇਤ ਥਾਣਾ 8 ਦੀ ਪੁਲਿਸ ਕੋਲ ਦਰਜ ਕਰਵਾਈ  ਜਿਸ ਤੋਂ ਬਾਅਦ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਰਮਜੀਤ ਕੌਰ ਨੇ ਦੱਸਿਆ ਕਿ ਉਸਨੇ 2023 ’ਚ ਪਠਾਨਕੋਟ ਚੌਕ ਸਥਿਤ ਬ੍ਰਾਂਚ ਵਿੱਚ 66 ਗ੍ਰਾਮ ਸੋਨਾ ਰੱਖ ਕੇ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਹ ਹਰ ਮਹੀਨੇ ਸਮੇਂ ਸਿਰ ਕਰਜ਼ੇ ਦਾ ਵਿਆਜ ਅਦਾ ਕਰਦੀ ਹੈ। ਜਦੋਂ ਉਹ ਕਿਸ਼ਤ ਭਰਨ ਲਈ ਬ੍ਰਾਂਚ ਗਈ, ਤਾਂ ਕੋਈ ਵਿਅਕਤੀ ਬ੍ਰਾਂਚ ਅਧਿਕਾਰੀਆਂ ਨਾਲ ਬਹਿਸ ਕਰ ਰਿਹਾ ਸੀ ਕਿ ਉਸਦਾ ਸੋਨਾ ਨਹੀਂ ਮਿਲ ਰਿਹਾ। ਇਹ ਦੇਖ ਕੇ, ਉਸਨੇ ਆਪਣੇ ਸੋਨੇ ਦੇ ਰਿਕਾਰਡ ਬਾਰੇ ਵੀ ਜਾਣਕਾਰੀ ਮੰਗੀ।
ਪਤਾ ਲੱਗਾ ਕਿ 66 ਗ੍ਰਾਮ ਸੋਨੇ ਵਿੱਚੋਂ 24 ਗ੍ਰਾਮ ਸੋਨਾ (3 ਅੰਗੂਠੀਆਂ, ਇੱਕ ਚੇਨ ਅਤੇ ਕੰਨਾਂ ਦੀਆਂ ਵਾਲੀਆਂ) ਗਾਇਬ ਸੀ। ਇਸ ਤੋਂ ਬਾਅਦ, ਉਸਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਉਸਨੇ ਦੋਸ਼ ਲਗਾਇਆ ਕਿ ਸੋਨੇ ਗਾਇਬ ਕਰਨ ਦੇ ਮਾਮਲੇ ’ਚ ਸ਼ਾਖਾ ਦੇ ਇੱਕ ਸਾਬਕਾ ਕਰਮਚਾਰੀ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਉਸਨੇ ਸ਼ਾਖਾ ਅਤੇ ਸਾਬਕਾ ਕਰਮਚਾਰੀ ਵਿਰੁੱਧ ਥਾਣਾ ਨੰਬਰ 8 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਅਨੁਸਾਰ, ਸ਼ਾਖਾ ਮੈਨੇਜਰ ਨੇ ਔਰਤ ਨੂੰ ਭਰੋਸਾ ਦਿੱਤਾ ਹੈ ਕਿ ਉਸਦਾ ਸਾਰਾ ਸੋਨਾ ਇੱਕ ਮਹੀਨੇ ਦੇ ਅੰਦਰ ਵਾਪਸ ਕਰ ਦਿੱਤਾ ਜਾਵੇਗਾ, ਪਰ ਸ਼ਾਖਾ ਮੈਨੇਜਰ ਨੇ ਮੀਡੀਆ ਨੂੰ ਬਿਆਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।


ਇਸ ਦੌਰਾਨ, ਥਾਣਾ 8 ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ ’ਤੇ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ।