ਬਿਆਸ ਦਰਿਆ ’ਚ ਆਏ ਪਾਣੀ ਕਾਰਨ ਪਿੰਡ ਅਬਦੁੱਲਾਪੁਰ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਵਧੀਆਂ
ਪਿੰਡ ਵਾਸੀਆਂ ਦੀ ਮਦਦ ਲਈ ਹਾਲੇ ਤੱਕ ਕੋਈ ਨਹੀਂ ਆਇਆ ਅੱਗੇ
ਬਿਆਸ : ਬਿਆਸ ਦਰਿਆ ’ਚ ਲਗਾਤਾਰ ਵਧ ਰਿਹਾ ਪਾਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਬਿਆਸ ਦਰਿਆ ਦੇ ਕੰਢੇ ’ਤੇ ਪੈਂਦੇ ਪਿੰਡ ਅਬਦੁੱਲਾਪੁਰ ’ਚ ਕਈ ਵਿਅਕਤੀ ਆਪਣੇ ਰਿਸ਼ਤੇਦਾਰਾਂ ਨੂੰ ਰੱਖੜੀ ਬੰਨਣ ਲਈ ਆਏ ਸਨ। ਪਰ ਬਿਆਸ ਦਰਿਆ ’ਚ ਅਚਾਨਕ ਆਏ ਪਾਣੀ ਕਾਰਨ ਪਿੰਡ ਅਬਦੁੱਲਾਪੁਰ ’ਚ ਹੀ ਘਿਰੇ ਗਏ। ਪਿੰਡ ਵਾਸੀਆਂ ਨੇ ਹਿੰਮਤ ਨਾਲ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਪਿੰਡ ਵਾਸੀਆਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਖੇਤਰਾਂ ਤੋਂ ਰੱਖੜੀ ਬੰਨਣ ਲਈ ਪਿੰਡ ਅਬਦੁੱਲਾਪੁਰ ਵਿੱਚ ਆਏ ਸਨ ਜਦ ਪਾਣੀ ਆਇਆ ਤਾਂ ਲੋਕ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ।
ਸੁਰੱਖਿਅਤ ਥਾਵਾਂ ’ਤੇ ਪਹੁੰਚਣ ’ਤੇ ਇਨ੍ਹਾਂ ਵਿਅਕਤੀਆਂ ਨੇ ਕਿਹਾ ਕਿ ਪਿੰਡ ਅਬਦੁੱਲਾਪੁਰ ਚਾਰੇ ਪਾਸੇ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਪਿੰਡ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਪਿੰਡ ਦੀ ਬਿਜਲੀ ਸਪਲਾਈ ਵੀ ਬੰਦ ਹੈ ਅਤੇ ਪਿੰਡ ਵਾਸੀਆਂ ਨੂੰ ਗਰਮੀ ਵਿਚ ਹੀ ਰਹਿਣਾ ਪੈ ਰਿਹਾ ਹੈ ਜਦਕਿ ਬੱਚਿਆਂ ’ਚ ਡਰ ਦਾ ਮਾਹੌਲ ਹੈ। ਪਿੰਡ ਦੇ ਪਾਣੀ ਵਿਚ ਘਿਰੇ ਹੋਣ ਕਾਰਨ ਪਸ਼ੂਆਂ ਲਈ ਹਰਾ ਚਾਰਾ ਲਿਆਉਣ ਬਹੁਤ ਮੁਸ਼ਕਿਲ ਹੋ ਰਿਹਾ ਹੈ, ਜਿਸ ਦੇ ਚਲਦਿਆਂ ਪਸ਼ੂ ਪਿਛਲੇ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ। ਪਿੰਡ ਅਬਦੁੱਲਾਪੁਰ ਦੇ ਵਾਸੀਆਂ ਦੀ ਮਦਦ ਲਈ ਪ੍ਰਸ਼ਾਸਨ ਜਾਂ ਕੋਈ ਜਥੇਬੰਦੀ ਹਾਲੇ ਤੱਕ ਅੱਗੇ ਨਹੀਂ ਆਈ।