ਅਮਨ ਅਰੋੜਾ ਨੇ ਕੋਵਿਡ ਕੇਅਰ ਕਿਟਾਂ 'ਚ ਕਰੋੜਾਂ ਦੇ ਘਪਲੇ ਦਾ ਪ੍ਰਗਟਾਇਆ ਖਦਸ਼ਾ

ਏਜੰਸੀ

ਖ਼ਬਰਾਂ, ਪੰਜਾਬ

ਅਮਨ ਅਰੋੜਾ ਨੇ ਕੋਵਿਡ ਕੇਅਰ ਕਿਟਾਂ 'ਚ ਕਰੋੜਾਂ ਦੇ ਘਪਲੇ ਦਾ ਪ੍ਰਗਟਾਇਆ ਖਦਸ਼ਾ

image

ਸੁਨਾਮ ਊਧਮ ਸਿੰਘ  ਵਾਲਾ,  11 ਸਤੰਬਰ  (ਦਰਸ਼ਨ ਸਿੰਘ ਚੌਹਾਨ) : ਆਮ ਆਦਮੀ ਪਾਰਟੀ  ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਵਿਧਾਇਕ ਅਮਨ ਅਰੋੜਾ ਨੇ ਸੂਬਾ ਸਰਕਾਰ ਵਲੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿਚ ਦਿਤੀਆਂ ਜਾਣ ਵਾਲੀਆਂ ਕੋਵਿਡ ਕੇਅਰ ਕਿੱਟਾਂ ਵਿਚ ਕਰੋੜਾਂ ਰੁਪਏ ਦੇ ਹੋ ਰਹੇ ਘਪਲੇ ਤੋਂ ਬਚਾਉਣ ਲਈ  ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਦਰ ਸਿੰਘ ਨੂੰ ਪੱਤਰ ਲਿਖ ਕੇ ਅਗਾਊਂ ਜਾਣੂੰ ਕਰਵਾਇਆ ਹੈ ।  
ਇਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਨਿੱਜੀ ਸਹਾਇਕ ਸਰਜੀਵਨ ਗੋਇਲ ਲੱਕੀ ਦੁਆਰਾ ਸਥਾਨਕ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਵਿਧਾਇਕ ਅਮਨ ਅਰੋੜਾ ਵਲੋਂ ਕਿਹਾ ਗਿਆ ਹੈ ਕਿ ਰਾਜ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਪੰਜਾਹ ਹਜ਼ਾਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿਚ ਕੋਵਿਡ ਕੇਅਰ ਕਿੱਟਾਂ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਇਕ ਕਿੱਟ ਦੀ ਕੀਮਤ 1700 ਰੁਪਏ ਦੱਸੀ ਗਈ ਹੈ, ਇਸਦੇ ਮੁਤਾਬਕ ਸਰਕਾਰ ਦਾ ਸਾਢੇ ਅੱਠ ਕਰੋੜ ਰੁਪਏ ਖ਼ਰਚ ਆਵੇਗਾ ਜਦਕਿ ਬਾਜ਼ਾਰ ਵਿਚ ਅਜਿਹੀ ਕਿੱਟ ਦੀ ਕੀਮਤ ਕਿਤੇ ਘੱਟ ਹੈ।  ਉਨ੍ਹਾਂ ਦਸਿਆ ਕਿ ਉਕਤ ਮਾਮਲੇ ਵਿਚ ਹੋਣ ਵਾਲੇ ਕਰੋੜਾਂ ਰੁਪਏ ਦੇ ਘਪਲੇ ਤੋਂ ਬਚਾਉਣ ਲਈ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਅਗਾਊਂ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਲਿਖੇ ਪੱਤਰ ਵਿਚ ਸਪਸ਼ਟ ਕੀਤਾ ਹੈ ਕਿ ਸਰਕਾਰ ਦੁਆਰਾ ਜੋ ਚੀਜ਼ਾਂ ਕਿੱਟ  ਦੇ ਮਾਧਿਅਮ ਰਾਹੀਂ ਕੋਰੋਨਾ ਮਰੀਜ਼ਾਂ ਨੂੰ ਚਾਹੀਦੀ ਹੈ, ਉਸ ਸਾਮਾਨ ਦਾ ਰਿਟੇਲ ਵਿਚ ਮੁੱਲ ਸਿਰਫ 943 ਰੁਪਏ ਜੀ.ਐਸ.ਟੀ. ਲਾ ਕੇ ਬਣਦਾ ਹੈ ਅਤੇ ਸਾਰਾ ਸਾਮਾਨ ਬ੍ਰਾਂਡਿਡ ਕੰਪਨੀਆਂ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਾਂ ਥੋਕ ਵਿਚ ਇਹ ਕਿੱਟ ਇਸਤੋਂ ਵੀ ਕਾਫ਼ੀ ਘੱਟ ਮੁੱਲ ਉੱਤੇ ਮਿਲਣੀ ਚਾਹੀਦੀ ਹੈ। ਵਿਧਾਇਕ ਅਰੋੜਾ ਨੇ ਕੋਵਿਡ ਕੇਅਰ ਕਿਟਾਂ  ਦੇ ਨਾਂਅ ਉੱਤੇ ਕਰੀਬ ਚਾਰ ਕਰੋੜ ਰੁਪਏ ਦੇ ਘਪਲਾ ਹੋਣ ਦਾ ਖਦਸ਼ਾ ਜਤਾਇਆ ਹੈ, ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਲਈ ਉਕਤ ਰਕਮ ਬਹੁਤ ਘੱਟ ਰਕਮ ਹੈ ਪਰ ਕੰਗਾਲੀ  ਦੇ ਕੰਡੇ ਉਤੇ ਖੜੇ ਪੰਜਾਬ ਲਈ ਇਕ-ਇਕ ਰੁਪਿਆ ਮਾਅਨੇ ਰੱਖਦਾ ਹੈ ਜਿਸਨੂੰ ਬਚਾਉਣਾ ਹਰ ਇਕ ਨਾਗਰਿਕ ਦਾ ਮੁਢਲਾ ਫ਼ਰਜ਼ ਹੈ।
ਫੋਟੋ ਨੰ: 11 ਐਸਐਨਜੀ 27

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਰਾਇਆ ਜਾਣੁੰ