ਬਠਿੰਡਾ ਥਰਮਲ ਪਲਾਂਟ ਦੀ ਹੋਂਦ ਨੂੰ ਮਿਟਾਉਣ ਲਈ ਉਲਟੀ ਗਿਣਤੀ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਥਰਮਲ ਪਲਾਂਟ ਦੀ ਹੋਂਦ ਨੂੰ ਮਿਟਾਉਣ ਲਈ ਉਲਟੀ ਗਿਣਤੀ ਸ਼ੁਰੂ

image

image

image

image

ਬਠਿੰਡਾ, 11 ਸਤੰਬਰ (ਸੁਖਜਿੰਦਰ ਮਾਨ) : ਬਠਿੰਡਾ ਦੇ ਟਿਬਿਆਂ ਨੂੰ ਰੰਗ ਭਾਗ ਲਾਉਣ ਵਾਲੇ 50 ਸਾਲ ਪੁਰਾਣੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੋਂਦ ਮਿਟਾਉਣ ਲਈ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿਤੀ ਹੈ।
ਪਾਵਰਕਾਮ ਵਲੋਂ ਦਿਤੇ ਟੈਂਡਰ ਤੋਂ ਬਾਅਦ 9 ਸਤੰਬਰ ਨੂੰ ਹੋਈ ਆਨਲਾਈਨ ਬੋਲੀ ਤੋਂ ਬਾਅਦ ਹੁਣ ਮੁੰਬਈ ਦੀ ਇਕ ਫ਼ਰਮ ਨੂੰ ਇਸ ਪਲਾਂਟ ਨੂੰ ਢਾਹੁਣ ਲਈ 164 .6 ਕਰੋੜ ਰੁਪਏ ਵਿਚ ਠੇਕਾ ਦਿਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦੋ ਹਫ਼ਤਿਆਂ 'ਚ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਹੋਣ ਤੋਂ ਬਾਅਦ ਜਲਦੀ ਹੀ ਉਕਤ ਫ਼ਰਮ ਬਠਿੰਡਾ ਦੇ ਇਸ ਇਤਿਹਾਸਕ ਪਲਾਂਟ ਦੀ ਹੋਂਦ ਮਿਟਾਉਣ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗੀ।
ਪਾਵਰਕਾਮ ਦੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁੰਬਈ ਦੀ ਸਫ਼ਲ ਬੋਲੀਕਾਰ ਕੰਪਨੀ ਨੂੰ ਬੰਦ ਪਏ ਇਸ ਪਲਾਂਟ ਨੂੰ ਢਾਹੁਣ ਲਈ 164.6 ਕਰੋੜ 'ਚ ਠੇਕਾ ਦਿਤਾ ਗਿਆ ਹੈ।  ਉਂਜ ਪਤਾ ਚਲਿਆ ਹੈ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਸ ਪਲਾਂਟ ਦੇ ਕੂਲਿੰਗ ਟਾਵਰਾਂ ਤੇ ਚਾਰੋਂ ਝੀਲਾਂ ਨੂੰ ਜਿਊਂ ਦਾ ਤਿਊਂ ਰੱਖਣ ਦਾ ਫ਼ੈਸਲਾ ਲਿਆ ਹੈ। ਜਦੋਂਕਿ ਇਸ ਪਲਾਂਟ ਦੇ ਖ਼ਤਮ ਹੋਣ ਤੋਂ ਬਾਅਦ ਇਸਦੀ ਕਰੀਬ 1,350 ਏਕੜ ਜ਼ਮੀਨ ਵਿਚ ਮੈਗਾ ਇੰਡਸਟਰੀਅਲ ਪਾਰਕ ਬਣਾਉਣ ਲਈ ਦਿਤੀ ਜਾਵੇਗੀ।
ਇਸ ਸਬੰਧ ਵਿਚ ਪੰਜਾਬ ਕੈਬਨਿਟ ਵਲੋਂ ਕੁੱਝ ਹਫ਼ਤੇ ਪਹਿਲਾਂ ਸਿਧਾਂਤਕ ਤੌਰ 'ਤੇ ਇਹ ਜ਼ਮੀਨ ਪੁੱਡਾ ਨੂੰ ਸੌਂਪਣ ਦਾ ਫ਼ੈਸਲਾ ਲਿਆ ਜਾ ਚੁੱਕਾ ਹੈ। ਜਿਸਤੋਂ ਬਾਅਦ ਪੁੱਡਾ ਇਸ ਜ਼ਮੀਨ ਨੂੰ 80:20 ਫ਼ੀ ਸਦੀ ਦੇ ਹਿਸਾਬ ਨਾਲ ਵਿਕਸਤ ਕਰੇਗੀ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪਲਾਂਟ ਨੂੰ ਮੁੜ ਚਾਲੂ ਕਰਨ ਲਈ ਜਨਤਕ ਤੌਰ 'ਤੇ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਨ੍ਹਾਂ ਦੀਆਂ ਨਜ਼ਰਾਂ ਵਿਚ ਇਹ ਥਰਮਲ ਪਲਾਂਟ ਪੰਜਾਬ ਸਰਕਾਰ 'ਤੇ ਭਾਰ ਬਣ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਏਜੰਸੀ ਪੇਡਾ ਵਲੋਂ ਵੀ ਕੁੱਝ ਹਫ਼ਤੇ ਪਹਿਲਾਂ ਪਲਾਂਟ ਦੀ ਰਾਖ਼ ਸੁੱਟਣ ਵਾਸਤੇ ਵਰਤੀਂ ਜਾਂਦੀ500 ਏਕੜ ਜ਼ਮੀਨ 'ਤੇ ਸੌਰ ਉਰਜ਼ਾ ਪਲਾਂਟ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਪ੍ਰੰਤੂ ਹੁਣ ਇਸ ਯੋਜਨਾ 'ਤੇ ਵੀ ਪਾਣੀ ਫ਼ਿਰ ਗਿਆ ਹੈ। ਉਂਜ ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਬੰਦ ਕੀਤੇ ਜਾਣ ਵਾਲੇ ਚਾਰਾਂ ਵਿਚੋਂ ਇਕ ਯੂਨਿਟ ਨੂੰ ਪਰਾਲੀ 'ਤੇ ਚਲਾਉਣ ਦਾ ਸੁਝਾਅ ਦਿਤਾ ਸੀ, ਜਿਸ ਉਪਰ ਪੰਜਾਬ ਸਰਕਾਰ ਵਲੋਂ ਗੌਰ ਨਹੀਂ ਫ਼ਰਮਾਇਆ ਗਿਆ।
ਇਥੇ ਦਸਣਾ ਬਣਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਸਤਾਬਦੀ ਮੌਕੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੁਆਰਾ ਇਸ ਪਲਾਂਟ ਦਾ ਨੀਂਹ ਪੱਥਰ ਰਖਿਆ ਗਿਆ ਸੀ। ਇਹ ਪਲਾਂਟ 1974 ਵਿਚ ਪੂਰੀ ਤਰ੍ਹਾਂ ਚਾਲੂ ਹੋ ਗਿਆ ਸੀ। ਇਸਤੋਂ ਇਲਾਵਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ 715 ਕਰੋੜ ਰੁਪਏ ਖ਼ਰਚ ਕਰ ਕੇ ਇਸ ਪਲਾਂਟ ਦੇ ਨਾ ਸਿਰਫ਼ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ, ਬਲਕਿ ਦੋ ਯੂਨਿਟਾਂ ਦੀ ਸਮਰੱਥਾ ਵੀ ਵਧਾ ਕੇ 120-120 ਯੂਨਿਟ ਕੀਤੀ ਗਈ ਸੀ। ਜਿਸਤੋਂ ਬਾਅਦ ਇਸ ਥਰਮਲ ਪਲਾਂਟ ਦੀ ਮਿਆਦ 2029 ਤਕ ਵਧ ਗਈ ਸੀ।
ਜ਼ਿਕਰਯੋਗ ਹੈ ਕਿ ਮੌਜੂਦਾ ਸਰਕਾਰ ਦੌਰਾਨ 1 ਜਨਵਰੀ 2018 ਤੋਂ ਇਹ ਥਰਮਲ ਪਲਾਂਟ ਪੱਕੇ ਤੌਰ 'ਤੇ ਇਹ ਕਹਿ ਕੇ ਬੰਦ ਕਰ ਦਿਤਾ ਗਿਆ ਸੀ, ਕਿ ਇਸਦਾ ਉਤਪਾਦਨ ਖ਼ਰਚਾ ਕਾਫ਼ੀ ਮਹਿੰਗਾ ਪੈਂਦਾ ਹੈ। ਇਸਤੋਂ ਇਲਾਵਾ ਹੁਣ ਲੰਘੀ 20 ਅਗੱਸਤ ਨੂੰ ਪਾਵਰਕਾਮ ਦੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ ਵਿਚ ਬਠਿੰਡਾ ਥਰਮਲ ਦੀਆਂ 2167 ਆਸਾਮੀਆਂ ਨੂੰ ਖ਼ਤਮ ਕਰ ਦਿਤਾ ਹੈ। ਹਾਲਾਂਕਿ ਸੂਬੇ ਦੀਆਂ ਮੁੱਖ ਵਿਰੋਧੀ ਪਾਰਟੀਆਂ ਤੋਂ ਇਲਾਵਾ ਥਰਮਲ ਤੇ ਪਾਵਰਕਾਮ ਦੇ ਕਾਮੇ ਮੁੜ ਇਸ ਪਲਾਂਟ ਨੂੰ ਚੱਲਦਾ ਦੇਖਣ ਲਈ ਸੰਘਰਸ਼ ਕਰ ਰਹੇ ਹਨ।
 
ਇਸ ਖ਼ਬਰ ਨਾਲ ਸਬੰਧਤ ਫੋਟੋ 11 ਬੀਟੀਆਈ 05 ਨੰਬਰ ਵਿਚ ਭੇਜੀ ਜਾ ਰਹੀ ਹੈ।