ਸੁਮੇਧ ਸੈਣੀ ਦੀਆਂ ਵਧੀਆ ਮੁਸ਼ਕਿਲਾਂ, ਗ੍ਰਿਫ਼ਤਾਰੀ ਵਾਰੰਟ ਜਾਰੀ
ਮੁਹਾਲੀ ਕੋਰਟ ਨੇ ਸੁਮੇਧ ਸੈਣੀ ਵਿਰੁੱਧ ਅਰੈਸਟ ਵਾਰੰਟ ਜਾਰੀ ਕਰਦੇ ਹੋਏ SIT ਨੂੰ ਹੁਕਮ ਦਿੱਤਾ ਹੈ ਕਿ ਉਹ ਸੈਣੀ ਨੂੰ 25 ਸਤੰਬਰ ਤੱਕ ਗਿਰਫ਼ਤਾਰ ਕਰੇ
ਚੰਡੀਗੜ੍ਹ - ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ 'ਚ ਨਾਮਜ਼ਦ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੁਮੇਧ ਸੈਣੀ ਦੀ ਗਿਰਫ਼ਤਾਰੀ ਲਈ ਜਿੱਥੇ ਪੁਲਿਸ ਦੁਆਰਾ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਸ਼ਨੀਵਾਰ ਨੂੰ ਮੁਹਾਲੀ ਕੋਰਟ ਦੁਆਰਾ ਸੈਣੀ ਖਿਲਾਫ਼ ਗਿਰਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।
ਮੁਹਾਲੀ ਕੋਰਟ ਨੇ ਸੁਮੇਧ ਸੈਣੀ ਵਿਰੁੱਧ ਅਰੈਸਟ ਵਾਰੰਟ ਜਾਰੀ ਕਰਦੇ ਹੋਏ SIT ਨੂੰ ਹੁਕਮ ਦਿੱਤਾ ਹੈ ਕਿ ਉਹ ਸੈਣੀ ਨੂੰ 25 ਸਤੰਬਰ ਤੱਕ ਗਿਰਫ਼ਤਾਰ ਕਰੇ ਜਿਸ ਤੋਂ ਬਾਅਦ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ। ਦੱਸ ਦਈਏ ਕਿ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਸ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਪੁਲਿਸ ਦੁਆਰਾ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਚੰਡੀਗੜ੍ਹ ਸਥਿਤ ਘਰ ਅਤੇ ਬਾਹਰਲੇ ਸੂਬਿਆਂ ਵਿਚ ਛਾਪੇਮਾਰੀ ਕੀਤੀ ਗਈ ਹੈ ਪਰ ਸੈਣੀ ਰੂਪੋਸ਼ ਹੈ। ਸੈਣੀ ਨੂੰ ਪੰਜਾਬ ਪੁਲਿਸ ਦੁਆਰਾ ਜੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ ਪਰ ਉਹ ਆਪਣੇ ਸੁਰੱਖਿਆ ਕਰਮੀਆਂ ਤੋਂ ਬਗੈਰ ਹੀ ਰੱਫੂ ਚੱਕਰ ਹੈ।
ਉੱਥੇ ਹੀ ਅੱਜ ਅੰਮ੍ਰਿਤਸਰ ਵਿਚ ਖਾਲੜਾ ਮਿਸ਼ਨ ਆਰਗਨਾਈਜੇਸ਼ਨ ਦੁਆਰਾ ਸੁਮੇਧ ਸੈਣੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਮੌਕੇ ਖਾਲੜਾ ਮਿਸ਼ਨ ਦੇ ਮੈਂਬਰ ਵਿਰਸਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇਹ ਪ੍ਰਦਰਸ਼ਨ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਇਨਸਾਫ ਲੈਣ ਲਈ ਕੀਤਾ ਹੈ ਅਤੇ ਜੇਕਰ ਉਸ ਦੀ ਜਲਦੀ ਗਿਰਫਤਾਰੀ ਨਹੀਂ ਹੁੰਦੀ ਤਾਂ ਅੱਗੇ ਬਾਕੀ ਜੱਥੇਬੰਦੀਆਂ ਦਾ ਸਹਿਯੋਗ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।