ਗੋਡੇ-ਗੋਡੇ ਡੂੰਘੇ ਪਾਣੀ 'ਚ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ

ਏਜੰਸੀ

ਖ਼ਬਰਾਂ, ਪੰਜਾਬ

ਗੋਡੇ-ਗੋਡੇ ਡੂੰਘੇ ਪਾਣੀ 'ਚ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ

image

ਰਾਕੇਸ਼ ਟਿਕੈਤ ਨੇ ਕਿਸਾਨ ਸਾਥੀਆਂ ਨਾਲ ਸੜਕ 'ਤੇ ਭਰੇ ਪਾਣੀ ਵਿਚ ਬੈਠ ਕੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ, 11 ਸਤੰਬਰ : ਦਿੱਲੀ-ਐਨਸੀਆਰ ਵਿਚ ਲਗਾਤਾਰ ਹੋ ਰਹੀ ਬਾਰਸ਼ ਨੇ ਆਮ ਜਨਜੀਵਨ ਨੂੰ  ਕਾਫ਼ੀ ਜ਼ਿਆਦਾ ਪ੍ਰਭਾਵਤ ਕੀਤਾ | ਇਹ ਮੀਂਹ ਅਪਣੇ ਨਾਲ ਮੁਸੀਬਤਾਂ ਦਾ ਪਹਾੜ ਵੀ ਲੈ ਕੇ ਆਇਆ ਹੈ | ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪਾਣੀ ਵਿਚ ਡੁੱਬ ਗਏ ਹਨ | ਅੰਡਰਪਾਸ-ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਅਤੇ ਹੁਣ ਇੰਦਰਾ ਗਾਂਧੀ ਅੰਤਰਰਾਸਟਰੀ ਹਵਾਈ ਅੱਡਾ ਵੀ ਪਾਣੀ ਨਾਲ ਭਰ ਗਿਆ ਹੈ | ਪਰ ਇਸ ਦੌਰਾਨ ਦਿੱਲੀ-ਉਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ | ਇਥੇ ਭਾਰੀ ਮੀਂਹ ਦੇ ਵਿਚਕਾਰ ਵੀ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ | ਗੋਡੇ-ਗੋਡੇ ਡੂੰਘੇ ਪਾਣੀ ਦੇ ਵਿਚਕਾਰ ਵੀ ਕਿਸਾਨ ਧਰਨੇ 'ਤੇ ਡਟੇ ਹੋਏ ਹਨ | ਲੋਕ ਸੋਸ਼ਲ ਮੀਡੀਆ 'ਤੇ ਗਾਜ਼ੀਪੁਰ ਸਰਹੱਦ ਤੋਂ ਆਈਆਂ ਤਸਵੀਰਾਂ ਨੂੰ  ਤੇਜ਼ੀ ਨਾਲ ਸਾਂਝੀਆਂ ਕਰ ਰਹੇ ਹਨ | ਇਨ੍ਹਾਂ ਤਸਵੀਰਾਂ ਵਿਚ, ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਅਪਣੇ ਸਾਥੀਆਂ ਨਾਲ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਸੜਕ ਉੱਤੇ ਬੈਠੇ ਦਿਖਾਈ ਦੇ ਰਹੇ ਹਨ |
ਰਾਕੇਸ਼ ਟਿਕੈਤ ਅਪਣੇ ਕਿਸਾਨ ਸਾਥੀਆਂ ਨਾਲ ਸੜਕ 'ਤੇ ਭਰੇ ਪਾਣੀ ਵਿਚ ਬੈਠ ਕੇ ਗੱਲ ਕਰਦੇ ਦਿਖਾਈ ਦੇ ਰਹੇ ਹਨ | ਟਿਕੈਤ ਨੇ ਗਾਜ਼ੀਪੁਰ ਸਰਹੱਦ 'ਤੇ ਭਾਰੀ ਬਾਰਸ਼ ਕਾਰਨ ਮੋਰਚੇ ਵਾਲੀ ਥਾਂ 'ਤੇ ਖੜ੍ਹੇ ਪਾਣੀ 'ਚ ਬੈਠ ਕੇ ਹੀ ਵਿਰੋਧ ਕੀਤਾ ਹੈ | ਕਿਸਾਨਾਂ ਵਲੋ ਮੋਰਚੇ ਦੇ ਸਾਹਮਣੇ ਤੋਂ ਦਿੱਲੀ ਵਲ ਜਾਣ ਵਾਲੇ ਨਾਲੇ ਦੀ ਸਫ਼ਾਈ ਦੀ ਮੰਗ ਕੀਤੀ ਜਾਂ ਰਹੀ ਹੈ, ਪਰ ਅਜੇ ਤਕ ਨਾਲਾ ਨਹੀਂ ਖੋਲਿ੍ਹਆ ਗਿਆ ਹੈ | ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਤਿੰਨੇ ਮੌਸਮ ਦੇਖ ਲਏ ਹਨ | ਹੁਣ ਕਿਸਾਨ ਮੌਸਮ ਤੋਂ ਡਰਨ ਵਾਲੇ ਨਹੀਂ ਹਨ | ਭਾਰੀ ਮੀਂਹ ਅਤੇ ਪਾਣੀ ਭਰਨ ਕਾਰਨ ਅੱਜ ਕਿਸਾਨਾਂ ਦੇ ਟੈਂਟ ਵੀ ਉੱਖੜ ਗਏ ਹਨ ਅਤੇ ਲੰਗਰ ਵਿਚ ਪਾਣੀ ਭਰਨ ਕਾਰਨ ਰਾਸ਼ਨ ਅਤੇ ਟੈਂਟਾਂ ਦਾ ਬਹੁਤ ਨੁਕਸਾਨ ਹੋਇਆ ਹੈ |    (ਏਜੰਸੀ)