ਗੁਜਰਾਤ ’ਚ ਵੱਡਾ ਸਿਆਸੀ ਉਲਟਫੇਰ, ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ ’ਚ ਵੱਡਾ ਸਿਆਸੀ ਉਲਟਫੇਰ, ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦਿਤਾ ਅਸਤੀਫ਼ਾ

image

ਅਹਿਮਦਾਬਾਦ, 11 ਸਤੰਬਰ : ਗੁਜਰਾਤ ਭਾਜਪਾ ’ਚ ਸਿਆਸੀ ਹਲ-ਚਲ ਤੇਜ਼ ਹੋ ਗਈ ਹੈ। ਸਨਿਚਰਵਾਰ ਨੂੰ ਵਿਜੇ ਰੂਪਾਨੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿਤਾ। ਰੂਪਾਨੀ ਨੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਨੂੰ ਮਿਲ ਕੇ ਅਪਣਾ ਅਸਤੀਫ਼ਾ ਸੌਂਪਿਆ। ਇਸ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਪਣੀ ਇੱਛਾ ਨਾਲ ਅਸਤੀਫ਼ਾ ਦਿਤਾ ਹੈ। ਹੁਣ ਉਹ ਪਾਰਟੀ ’ਚ ਜੋ ਵੀ ਜ਼ਿੰਮੇਵਾਰੀ ਮਿਲੇਗੀ, ਉਸ ਨੂੰ ਨਿਭਾਉਣਗੇ। 
ਦੱਸਣਯੋਗ ਹੈ ਕਿ ਦੋ ਵਾਰ ਮੁੱਖ ਮੰਤਰੀ ਰਹੇ ਰੂਪਾਨੀ ਨੇ ਕਿਹਾ ਕਿ ਮੈਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦੀ ਹਾਂ। ਮੇਰੇ ਵਰਗੇ ਪਾਰਟੀ ਦੇ ਵਰਕਰ ਨੂੰ ਮੁੱਖ ਮੰਤਰੀ ਵਰਗੇ ਅਹੁਦੇ ਦੀ ਜ਼ਿੰਮੇਵਾਰੀ ਦਿਤੀ। ਪਾਰਟੀ ’ਚ ਸਮੇਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਬਦਲਦੀਆਂ ਹਨ। ਗੁਜਾਰਤ ਦੇ ਵਿਕਾਸ ਯਾਤਰਾ ’ਚ ਯੋਗਦਾਨ ਦਾ ਮੌਕਾ ਮਿਲਿਆ। ਮੇਰੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਵਿਸ਼ੇਸ਼ ਮਾਰਗਦਰਸ਼ਨ ਮਿਲਦਾ ਰਿਹਾ। ਰੂਪਾਨੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ।
ਵਿਜੇ ਰੂਪਾਨੀ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਗੁਜਰਾਤ ਵਿਚ ਅਗਲੇ ਸਾਲ ਯਾਨੀ ਕਿ 2022 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰੂਪਾਨੀ ਦੇ ਅਸਤੀਫ਼ੇ ਨੂੰ ਸੱਤਾਧਾਰੀ ਭਾਜਪਾ ਦੀ ਚੁਣਾਵੀ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। (ਏਜੰਸੀ)