ਨਵੀਂ ਦਿੱਲੀ, 11 ਸਤੰਬਰ : ਦੇਸ਼ ਦੇ ਅੱਧੇ ਤੋਂ ਵੱਧ ਕਿਸਾਨ ਪ੍ਰਵਾਰ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ | ਰਾਸ਼ਟਰੀ ਅੰਕੜਾ ਦਫ਼ਤਰ (ਐਨਐਸਓ) ਦੇ ਇਕ ਸਰਵੇਖਣ ਅਨੁਸਾਰ, 2019 ਵਿਚ 50 ਫ਼ੀ ਸਦੀ ਤੋਂ ਵੱਧ ਖੇਤੀਬਾੜੀ ਨਾਲ ਸਬੰਧਤ ਪ੍ਰਵਾਰ ਕਰਜ਼ੇ ਹੇਠ ਸਨ ਅਤੇ ਉਨ੍ਹਾਂ 'ਤੇ ਪ੍ਰਤੀ ਪ੍ਰਵਾਰ ਔਸਤਨ 74,121 ਰੁਪਏ ਦਾ ਕਰਜ਼ਾ ਸੀ | ਸਰਵੇਖਣ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕੁਲ ਬਕਾਇਆ ਕਰਜ਼ਿਆਂ ਵਿਚੋਂ, ਸਿਰਫ਼ 69.6 ਫ਼ੀ ਸਦੀ ਬੈਂਕਾਂ, ਸਹਿਕਾਰੀ ਸਭਾਵਾਂ ਅਤੇ ਸਰਕਾਰੀ ਏਜੰਸੀਆਂ ਵਰਗੇ ਸੰਸਥਾਗਤ ਸਰੋਤਾਂ ਤੋਂ ਲਏ ਗਏ | ਜਦੋਂ ਕਿ 20.5 ਪ੍ਰਤੀਸ਼ਤ ਕਰਜ਼ੇੇ ਪੇਸ਼ੇਵਰ ਸਾਹੂਕਾਰਾਂ ਤੋਂ ਲਏ ਗਏ ਸਨ | ਇਸ ਅਨੁਸਾਰ, ਕੁਲ ਕਰਜ਼ੇ 'ਚੋਂ 57.5 ਪ੍ਰਤੀਸ਼ਤ ਖੇਤੀਬਾੜੀ ਦੇ ਉਦੇਸਾਂ ਲਈ ਲਿਆ ਗਿਆ ਸੀ | ਸਰਵੇਖਣ ਵਿਚ ਕਿਹਾ ਗਿਆ ਹੈ, Tਕਰਜ਼ਾ ਲੈਣ ਵਾਲੇ ਖੇਤੀਬਾੜੀ ਪ੍ਰਵਾਰਾਂ ਦੀ ਪ੍ਰਤੀਸ਼ਤਤਾ 50.2 ਪ੍ਰਤੀਸ਼ਤ ਹੈ | ਦੂਜੇ ਪਾਸੇ, ਪ੍ਰਤੀ ਖੇਤੀਬਾੜੀ ਪ੍ਰਵਾਰ ਦੇ ਬਕਾਇਆ ਕਰਜ਼ੇ ਦੀ ਔਸਤਨ ਰਕਮ 74,121 ਰੁਪਏ ਹੈ | ਐਨਐਸਓ ਨੇ ਜਨਵਰੀ-ਦਸੰਬਰ 2019 ਦੌਰਾਨ ਦੇਸ਼ ਦੇ ਪੇਂਡੂ ਖੇਤਰਾਂ ਵਿਚ ਪ੍ਰਵਾਰਕ ਜ਼ਮੀਨ ਅਤੇ ਪਸ਼ੂ ਧਨ ਤੋਂ ਇਲਾਵਾ ਖੇਤੀਬਾੜੀ ਘਰਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ | ਸਰਵੇਖਣ ਅਨੁਸਾਰ, ਖੇਤੀਬਾੜੀ ਸਾਲ 2018-19 (ਜੁਲਾਈ-ਜੂਨ) ਦੌਰਾਨ ਪ੍ਰਤੀ ਖੇਤੀਬਾੜੀ ਪ੍ਰਵਾਰ ਦੀ ਔਸਤਨ ਮਹੀਨਾਵਾਰ ਆਮਦਨ 10,218
ਰੁਪਏ ਸੀ | ਇਸ ਵਿਚੋਂ, ਮਜਦੂਰੀ ਤੋਂ ਪ੍ਰਤੀ ਪ੍ਰਵਾਰ ਦੀ ਔਸਤਨ ਆਮਦਨ 4,063 ਰੁਪਏ, ਫ਼ਸਲ ਉਤਪਾਦਨ ਤੋਂ 3,798 ਰੁਪਏ, ਪਸੂ ਪਾਲਣ ਤੋਂ 1,582 ਰੁਪਏ, ਗ਼ੈਰ-ਖੇਤੀਬਾੜੀ ਕਾਰੋਬਾਰ 641 ਰੁਪਏ ਅਤੇ ਜ਼ਮੀਨ ਪਟੇ ਤੇ 134 ਰੁਪਏ ਆਮਦਨ ਸੀ |
ਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਖੇਤੀਬਾੜੀ ਨਾਲ ਸਬੰਧਤ ਘਰਾਂ ਦੀ ਗਿਣਤੀ 9.3 ਕਰੋੜ ਹੋਣ ਦਾ ਅਨੁਮਾਨ ਹੈ | ਇਸ ਵਿਚੋਂ ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ) 45.8 ਫ਼ੀ ਸਦੀ, ਅਨੁਸੂਚਿਤ ਜਾਤੀਆਂ 15.9 ਫ਼ੀ ਸਦੀ, ਅਨੁਸੂਚਿਤ ਜਨਜਾਤੀਆਂ 14.2 ਫ਼ੀ ਸਦੀ ਅਤੇ ਹੋਰ 24.1 ਫ਼ੀ ਸਦੀ ਹਨ | ਸਰਵੇਖਣ ਦੇ ਅਨੁਸਾਰ, ਪਿੰਡਾਂ ਵਿਚ ਰਹਿਣ ਵਾਲੇ ਗ਼ੈਰ-ਖੇਤੀਬਾੜੀ ਘਰਾਂ ਦੀ ਗਿਣਤੀ 7.93 ਕਰੋੜ ਹੋਣ ਦਾ ਅਨੁਮਾਨ ਹੈ | ਇਸ ਤੋਂ ਇਹ ਵੀ ਖੁਲਾਸਾ ਹੋਇਆ ਕਿ 83.5 ਫ਼ੀ ਸਦੀ ਪੇਂਡੂ ਘਰਾਂ ਕੋਲ ਇਕ ਹੈਕਟੇਅਰ ਤੋਂ ਘੱਟ ਜ਼ਮੀਨ ਹੈ | ਜਦੋਂ ਕਿ ਸਿਰਫ਼ 0.2 ਫ਼ੀ ਸਦੀ ਕੋਲ 10 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਹੈ | ਇਸ ਦੌਰਾਨ, ਇਕ ਹੋਰ ਰੀਪੋਰਟ ਵਿਚ, ਐਨਐਸਓ ਨੇ ਕਿਹਾ ਕਿ 30 ਜੂਨ, 2018 ਤਕ, ਪੇਂਡੂ ਖੇਤਰਾਂ ਵਿਚ ਕਰਜ਼ਾ ਲੈਣ ਵਾਲੇ ਪ੍ਰਵਾਰਾਂ ਦੀ ਪ੍ਰਤੀਸ਼ਤਤਾ 35 ਸੀ, ਜਦੋਂ ਕਿ ਸ਼ਹਿਰੀ ਖੇਤਰਾਂ ਵਿਚ ਇਹ 22.4 ਸੀ | (ਏਜੰਸੀ)