ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਦੁਨੀਆਂ ਦੇ ਹੋਰ ਹਿੱਸਿਆਂ ’ਚ ਬਾਕੀ ਸਮੂਹਾਂ ਦੇ ਹੌਸਲੇ ਬੁਲੰ
ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਦੁਨੀਆਂ ਦੇ ਹੋਰ ਹਿੱਸਿਆਂ ’ਚ ਬਾਕੀ ਸਮੂਹਾਂ ਦੇ ਹੌਸਲੇ ਬੁਲੰਦ ਕਰੇਗੀ : ਯੂ.ਐਨ ਮੁਖੀ
ਸੰਯੁਕਤ ਰਾਸ਼ਟਰ, 11 ਸਤੰਬਰ : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਉ ਗੁਤਾਰੇਸ ਨੇ ਗਲੋਬਲ ਅਤਿਵਾਦ ’ਤੇ ਚਿੰਤਾ ਜਤਾਉਂਦੇ ਹੋਏ ਚਿਤਾਵਨੀ ਦਿਤੀ ਹੈ ਕਿ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਹੋਰ ਸਮੂਹਾਂ ਦੇ ਹੌਂਸਲੇ ਬੁਲੰਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਅੰਤਰਰਾਸ਼ਟਰੀ ਸਬੰਧਾਂ ਵਿਚ ਸਕਾਰਾਤਮਕ ਭੂਮਿਕਾ ਨਿਭਾਏ, ਜਿਸ ਲਈ ਤਾਲਿਬਾਨ ਨਾਲ ਗੱਲਬਾਤ ਬਹੁਤ ਜ਼ਰੂਰੀ ਹੈ। ਤਾਲਿਬਾਨ ਦੇ ਮੈਂਬਰਾਂ ਨੇ ਅਗੱਸਤ ਮਹੀਨੇ ਵਿਚ ਅਫ਼ਗ਼ਾਨਿਸਤਾਨ ’ਤੇ ਅਪਣਾ ਕੰਟਰੋਲ ਕਰ ਲਿਆ ਅਤੇ ਪਛਮੀ ਦੇਸ਼ਾਂ ਵਲੋਂ ਸਮਰਥਿਤ ਪਿਛਲੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਹੋਣ ’ਤੇ ਮਜ਼ਬੂਰ ਕਰ ਦਿਤਾ।
ਗੁਤਾਰੇਸ ਨੇ ਸ਼ੁਕਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਅਸੀਂ ਜੋ ਦੇਖ ਰਹੇ ਹਾਂ, ਉਸ ਤੋਂ ਮੈਂ ਬਹੁਤ ਚਿੰਤਤ ਹਾਂ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਦੁਨੀਆ ਦੇ ਹੋਰ ਹਿੱਸਿਆਂ ਵਿਚ ਬਾਕੀ ਸਮੂਹਾਂ ਦੇ ਹੌਂਸਲੇ ਬੁਲੰਦ ਕਰ ਸਕਦੀ ਹੈ, ਭਾਵੇਂ ਹੀ ਉਹ ਸਮੂਹ ਤਾਲਿਬਾਨ ਤੋਂ ਵੱਖ ਹਨ ਅਤੇ ਮੈਨੂੰ ਉਨ੍ਹਾਂ ਵਿਚ ਕੋਈ ਸਮਾਨਤਾ ਨਜ਼ਰ ਨਹੀਂ ਆਉਂਦੀ।’ ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿਚ ਉਹ ਸਾਹੇਲ ਵਰਗੇ ਦਿ੍ਰਸ਼ਾਂ ਨੂੰ ਲੈ ਕੇ ਬਹੁਤ ਚਿੰਤਤ ਹਨ, ਜਿਥੇ ‘ਅਤਿਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਸਾਡੇ ਕੋਲ ਅੱਜ ਕੋਈ ਪ੍ਰਭਾਵੀ ਸੁਰੱਖਿਆ ਪ੍ਰਣਾਲੀ ਨਹੀਂ ਹੈ’ ਅਤੇ ਇਸ ਲਈ ਅਤਿਵਾਦੀਆਂ ਦੀ ਪਕੜ ਮਜ਼ਬੂਤ ਹੋ ਰਹੀ ਹੈ ਅਤੇ ਮੌਜੂਦਾ ਹਾਲਾਤ ਨਾਲ ਉਨ੍ਹਾਂ ਦੇ ਹੌਂਸਲੇ ਬੁਲੰਦ ਹੋਣਗੇ। ਦੁਨੀਆ ਦੇ ਦੂਜੇ ਹਿੱਸਿਆਂ ਦੇ ਬਾਰੇ ਵਿਚ ਵੀ ਇਹ ਕਿਹਾ ਜਾ ਸਕਦਾ ਹੈ। ਸਾਹੇਲ ਅਫ਼ਰੀਕਾ ਦਾ ਇਕ ਖੇਤਰ ਹੈ। ਗੁਤਾਰੇਸ ਨੇ ਕਿਹਾ, ‘ਜੇਕਰ ਕੋਈ ਸਮੂਹ ਹੈ, ਭਾਵੇਂ ਹੀ ਛੋਟਾ ਸਮੂਹ ਹੈ, ਜਿਸ ਨੂੰ ਕੱਟੜ ਬਣਾਇਆ ਗਿਆ ਹੈ ਅਤੇ ਜੋ ਹਰ ਸਥਿਤੀ ਵਿਚ ਮਰਨ ਨੂੰ ਤਿਆਰ ਹੈ, ਜੋ ਮੌਤ ਨੂੰ ਚੰਗੀ ਗੱਲ ਮੰਨਦਾ ਹੈ, ਜੇਕਰ ਅਜਿਹਾ ਸਮੂਹ ਕਿਸੇ ਦੇਸ਼ ’ਤੇ ਹਮਲੇ ਦਾ ਫ਼ੈਸਲਾ ਕਰਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਫ਼ੌਜਾਂ ਵੀ ਉਨ੍ਹਾਂ ਦਾ ਸਾਹਮਣਾ ਕਰਨ ਵਿਚ ਅਸਮਰਥ ਹੋ ਜਾਂਦੀਆਂ ਹਨ ਅਤੇ ਮੈਦਾਨ ਛੱਡ ਦਿੰਦੀਆਂ ਹਨ। ਅਫ਼ਗਾਨ ਫ਼ੌਜ 7 ਦਿਨ ਵਿਚ ਗਾਇਬ ਹੋ ਗਈ।’ ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ, ‘ਮੈਂ ਅਤਿਵਾਦ ਨੂੰ ਲੈ ਕੇ ਬਹੁਤ ਚਿੰਤਤ ਹਾਂ। ਮੈਨੂੰ ਇਸ ਗੱਲ ਦੀ ਬਹੁਤ ਫਿਕਰ ਹੈ ਕਿ ਕਈ ਦੇਸ਼ ਇਸ ਨਾਲ ਲੜਨ ਲਈ ਤਿਆਰ ਨਹੀਂ ਹਨ ਅਤੇ ਸਾਨੂੰ ਅਤਿਵਾਦ ਨਾਲ ਲੜਾਈ ਵਿਚ ਦੇਸ਼ਾਂ ਵਿਚਾਲੇ ਜ਼ਿਆਦਾ ਮਜ਼ਬੂਤ ਏਕਤਾ ਅਤੇ ਇਕਜੁੱਟਤਾ ਚਾਹੀਦੀ ਹੈ।’ (ਏਜੰਸੀ)