ਬਾਲੀਵੁਡ ਸੁਪਰ ਸਟਾਰ ਸਲਮਾਨ ਖ਼ਾਨ ਵੀ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਉਪਰ: ਗੌਰਵ ਯਾਦਵ

ਏਜੰਸੀ

ਖ਼ਬਰਾਂ, ਪੰਜਾਬ

ਬਾਲੀਵੁਡ ਸੁਪਰ ਸਟਾਰ ਸਲਮਾਨ ਖ਼ਾਨ ਵੀ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਉਪਰ: ਗੌਰਵ ਯਾਦਵ

IMAGE


ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਬੀਤੇ ਦਿਨੀਂ ਨੇਪਾਲ ਬਾਰਡਰ ਤੋਂ ਗਿ੍ਫ਼ਤਾਰ ਸ਼ੂਟਰ ਮੁੰਡੀ ਨਾਲ ਫੜੇ ਗੈਂਗਸਟਰ ਕਪਿਲ ਪੰਡਤ ਨੇ ਸਲਮਾਨ ਦੀ ਰੇਕੀ ਕਰਨ ਦੀ ਗੱਲ ਕਬੂਲੀ


ਚੰਡੀਗੜ੍ਹ, 11 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦਸਿਆ ਹੈ ਕਿ ਬਾਲੀਵੁਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਵੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ 'ਤੇ ਹਨ | ਸਿੱਧੂ ਮੂਸੇਵਾਲਾ ਕਤਲ ਕਾਂਡ ਦੇ 6ਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਹਿਯੋਗੀਆਂ ਕਪਿਲ ਪੰਡਤ ਅਤੇ ਰਜੇਂਦਰ ਜੋਕਰ ਦੀ ਬੀਤੇ ਦਿਨੀਂ ਨੇਪਾਲ ਬਾਰਡਰ ਤੋਂ ਕੀਤੀ ਗਿ੍ਫ਼ਤਾਰੀ ਦੇ ਸਬੰਧ ਵਿਚ ਅੱਜ ਇਥੇ ਪੁਲਿਸ ਹੈਡ ਕੁਆਰਟਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਡੀ.ਜੀ.ਪੀ. ਨੇ ਦਸਿਆ ਕਿ ਮੁਢਲੀ ਪੁਛ ਪੜਤਾਲ ਵਿਚ ਮੁੰਡੀ ਨਾਲ ਫੜੇ ਗਏ ਪੰਕਜ ਪੰਡਤ ਨੇ ਇਹ ਗੱਲ ਕਬੂਲੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਸਲਮਾਨ ਖ਼ਾਨ ਦੀ ਰੇਕੀ ਕਰਵਾਈ ਹੈ | ਉਹ ਅਤੇ ਮਹਾਂਰਾਸ਼ਟਰ ਦੇ ਸ਼ਾਰਪ ਸ਼ੂਟਰ ਸੰਤੋਸ਼ ਜਾਘਵ ਮੁੰਬਈ ਵਿਚ ਰਹੇ | ਯਾਦਵ ਨੇ ਦਸਿਆ ਕਿ ਲਾਰੈਂਸ ਨੇ ਗੈਂਗਸਟਰ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਕਪਿਲ ਪੰਡਤ ਤਕ ਪਹੁੰਚ ਕੀਤੀ ਸੀ | ਕਪਿਲ ਪੰਡਤ ਪੰਜਾਬ ਪੁਲਿਸ ਫੜ ਚੁਕੀ ਹੈ ਅਤੇ ਸੰਤੋਸ਼
ਜਾਘਵ ਮਹਾਂਰਾਸ਼ਟਰ ਪੁਲਿਸ ਨੇ ਫੜਿਆ ਹੈ ਅਤੇ ਇਨ੍ਹਾਂ ਦਾ ਆਗੂ ਤੇ ਲਾਰੈਂਸ ਦਾ ਭਾਣਜਾ ਸਚਿਨ ਥਾਪਨ ਵਿਦੇਸ਼ ਵਿਚ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਇਨ੍ਹਾਂ ਤਿੰਨਾਂ ਨੂੰ  ਪੰਜਾਬ ਵਿਚ ਇਕੱਠੇ ਕਰ ਕੇ ਸਲਮਾਨ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ |
ਯਾਦਵ ਨੇ ਦਸਿਆ ਕਿ ਅਤਿਵਾਦੀ ਪੰਜਾਬ ਵਿਚ ਘਟਨਾਵਾਂ ਲਈ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੇ ਹਨ ਪਰ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਪਾਕਿਸਤਾਨ ਬੈਠੇ ਗੈਂਗਸਟਰ ਤੋਂ ਅਤਿਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ | ਪੰਜਾਬ ਪੁਲਿਸ ਨੇ ਰਿੰਦਾ ਵਲੋਂ ਤਿਆਰ ਅਤਿਵਾਦੀਆਂ ਦੇ ਕਈ ਸਲੀਪਰ ਸੈੱਲ ਕਾਬੂ ਕੀਤੇ ਹਨ |
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇਥੇ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਦਸਿਆ ਕਿ ਏਆਈਜੀ ਗੁਰਮੀਤ ਚੌਹਾਨ ਅਤੇ ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਵਿਚ ਏਜੀਟੀਐਫ਼ ਦੀ ਟੀਮ ਸਨਿਚਰਵਾਰ ਦੇਰ ਰਾਤ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਨੂੰ  ਹਵਾਈ ਰਸਤੇ ਰਾਹੀਂ ਪੰਜਾਬ ਲੈ ਕੇ ਆਈ | ਇਨ੍ਹਾਂ ਤਿੰਨ ਗਿ੍ਫ਼ਤਾਰੀਆਂ ਨਾਲ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗਿ੍ਫ਼ਤਾਰੀਆਂ ਦੀ ਕੁਲ ਗਿਣਤੀ 23 ਹੋ ਗਈ ਹੈ ਜਦਕਿ ਪੁਲਿਸ ਨੇ ਅੰਮਿ੍ਤਸਰ ਦੇ ਪਿੰਡ ਭਕਨਾ ਵਿਚ ਇਕ ਮੁਕਾਬਲੇ ਦੌਰਾਨ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਨਾਮੀ ਦੋ ਸ਼ੂਟਰਾਂ ਨੂੰ  ਮਾਰ ਮੁਕਾਇਆ ਸੀ  | ਇਸ ਤੋਂ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਹੋਰ ਸ਼ੂਟਰਾਂ ਦੀ ਪਛਾਣ ਪਿ੍ਆਵਰਤ ਫ਼ੌਜੀ, ਕਸ਼ਿਸ ਅਤੇ ਅੰਕਿਤ ਸੇਰਸਾ ਵਜੋਂ ਹੋਈ ਹੈ |
ਡੀਜੀਪੀ ਗੌਰਵ ਯਾਦਵ, ਜਿਨ੍ਹਾਂ ਨਾਲ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫ਼ੋਰਸ (ਏਜੀਟੀਐਫ਼) ਪ੍ਰਮੋਦ ਬਾਨ ਵੀ ਮੌਜੂਦ ਸਨ, ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ  ਮਾਰਨ ਤੋਂ ਬਾਅਦ ਮੁੰਡੀ ਅਤੇ ਕਪਿਲ ਦੋਵੇਂ ਇਕੱਠੇ ਰਹਿ ਰਹੇ ਸਨ ਅਤੇ ਕੈਨੇਡਾ ਆਧਾਰਤ ਗੈਂਗਸਟਰ ਗੋਲਡੀ ਬਰਾੜ (ਮੁੱਖ ਸਾਜ਼ਸ਼ਕਰਤਾ) ਦੇ ਨਿਰਦੇਸ਼ਾਂ 'ਤੇ ਲਗਾਤਾਰ ਅਪਣੇ ਟਿਕਾਣੇ ਬਦਲ ਰਹੇ ਸਨ | ਉਨ੍ਹਾਂ ਅੱਗੇ ਦਸਿਆ ਕਿ ਇਸ ਸਮੇਂ ਦੌਰਾਨ ਮੁੰਡੀ ਅਤੇ ਕਪਿਲ ਹਰਿਆਣਾ, ਰਾਜਸਥਾਨ, ਗੁਜਰਾਤ, ਯੂਪੀ ਅਤੇ ਪਛਮੀ ਬੰਗਾਲ ਸੂਬਿਆਂ ਵਿਚ ਰੁਕੇ ਅਤੇ ਕਿਹਾ ਕਿ  ਜੋਕਰ, ਜੋ ਪਹਿਲਾਂ ਹੀ ਨੇਪਾਲ ਵਿਚ ਸੀ, ਪਛਮੀ ਬੰਗਾਲ ਵਿਚ ਸੁਰੱਖਿਅਤ ਦਾਖ਼ਲ ਹੋਣ ਲਈ ਮੁੰਡੀ ਅਤੇ ਕਪਿਲ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ  ਨੇਪਾਲ ਵਿਚ ਸੁਰੱਖਿਅਤ ਥਾਂ 'ਤੇ ਲਿਜਾਣ ਲਈ ਆਇਆ ਸੀ | ਉਨ੍ਹਾਂ ਦਸਿਆ ਕਿ ਗੋਲਡੀ ਬਰਾੜ ਨੇ ਮੁੰਡੀ ਅਤੇ ਕਪਿਲ ਨੂੰ  ਫ਼ਰਜ਼ੀ ਪਾਸਪੋਰਟਾਂ 'ਤੇ ਦੁਬਈ ਵਿਚ ਸੈਟਲ ਕਰਨ ਦਾ ਵਾਅਦਾ ਕੀਤਾ ਸੀ | ਉਨ੍ਹਾਂ ਅੱਗੇ ਕਿਹਾ ਕਿ ਉਕਤ ਦੋਵਾਂ ਨੂੰ  ਨੇਪਾਲ ਜਾਂ ਥਾਈਲੈਂਡ ਵਿਚ ਅਪਣੇ ਜਾਅਲੀ ਪਾਸਪੋਰਟ ਮਿਲਣੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਦੁਬਈ ਲਈ ਚਲੇ ਜਾਣਾ ਸੀ |