ਅੰਮ੍ਰਿਤਸਰ ਤੇ ਗੁਰਦਾਸਪੁਰ 'ਚ NIA ਦੇ ਛਾਪੇ, ਗੈਂਗਸਟਰ ਜੱਗੂ ਭਗਵਾਨਪੁਰੀਆ, ਸ਼ੁਭਮ ਤੇ ਸੋਨੂੰ ਕੰਗਲਾ ਦੇ ਘਰਾਂ ਦੀ ਲਈ ਤਲਾਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਜਾਰੀ 

NIA

 

ਅੰਮ੍ਰਿਤਸਰ - ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਸਵੇਰੇ ਉੱਤਰੀ ਭਾਰਤ ਦੇ ਏ-ਸ਼੍ਰੇਣੀ ਦੇ ਗੈਂਗਸਟਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਕਈ ਗੈਂਗਸਟਰਾਂ ਦੇ ਘਰ ਵੀ ਛਾਪੇਮਾਰੀ ਚੱਲ ਰਹੀ ਹੈ। ਬਟਾਲਾ ਦੇ ਪਿੰਡ ਭਗਵਾਨਪੁਰ 'ਚ ਜੱਗੂ ਭਗਵਾਨਪੁਰੀਆ ਦੇ ਘਰ 'ਤੇ NIA ਦੀ ਛਾਪੇਮਾਰੀ ਹੋਈ। ਇਸ ਦੇ ਨਾਲ ਹੀ ਟੀਮ ਉਸ ਦੇ ਦੋ ਸਾਥੀਆਂ ਸ਼ੁਭਮ ਵਾਸੀ ਬਟਾਲਾ ਰੋਡ ਅਤੇ ਸੋਨੂੰ ਕੰਗਲਾ ਵਾਸੀ ਗੁੱਜਰਪੁਰਾ ਦੇ ਘਰ ਵੀ ਪਹੁੰਚੀ। ਸੋਨੂੰ ਕੰਗਲਾ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਜਾਰੀ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਨੇ ਸੋਮਵਾਰ ਸਵੇਰੇ ਬਟਾਲਾ ਨੇੜਲੇ ਪਿੰਡ ਭਗਵਾਨਪੁਰ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਛਾਪਾ ਮਾਰਿਆ। ਟੀਮ ਨਾਲ ਆਈ ਪੰਜਾਬ ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ। NIA ਦੇ ਕਰੀਬ 100 ਲੋਕਾਂ ਨੇ ਜੱਗੂ ਭਗਵਾਨਪੁਰੀਆ ਦੇ ਘਰ ਤਲਾਸ਼ੀ ਮੁਹਿੰਮ ਚਲਾਈ। ਹਾਲ ਹੀ ਵਿਚ ਸਤਨਾਮ ਸਿੰਘ ਸੱਤੂ ਕਤਲ ਕੇਸ ਵਿਚ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਪੁਲਿਸ ਨੇ ਟਰਾਂਜ਼ਿਟ ਰਿਮਾਂਡ ’ਤੇ ਬਟਾਲਾ ਲਿਆਂਦਾ ਸੀ। 

ਮਜੀਠਾ ਰੋਡ ’ਤੇ ਸ਼ੁਭਮ ਦੇ ਘਰ ਪੁੱਜੀਆਂ ਟੀਮਾਂ ਨੂੰ ਖਾਲੀ ਹੱਥ ਪਰਤਣਾ ਪਿਆ। ਉਸ ਦਾ ਘਰ ਕਾਫੀ ਸਮੇਂ ਤੋਂ ਖਾਲੀ ਪਿਆ ਹੈ। ਪਰਿਵਾਰ ਇੱਥੋਂ ਚਲੇ ਗਏ ਹਨ। ਐਨਆਈਏ ਦੀ ਟੀਮ ਨੇ ਘਰ ਖਾਲੀ ਕਰਨ ਬਾਰੇ ਗੁਆਂਢੀਆਂ ਤੋਂ ਸਵਾਲ ਪੁੱਛੇ ਅਤੇ ਸੂਚਨਾ ਮਿਲਣ ਤੋਂ ਬਾਅਦ ਟੀਮ ਉਥੋਂ ਰਵਾਨਾ ਹੋ ਗਈ। ਐਨਆਈਏ ਦੀਆਂ ਟੀਮਾਂ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਵਿਚ ਵੀ ਪਹੁੰਚੀਆਂ। ਗੈਂਗਸਟਰ ਸੋਨੂੰ ਕੰਗਲਾ ਦਾ ਘਰ ਗੁੱਜਰਪੁਰਾ ਵਿਚ ਹੈ। ਅਜੇ ਤੱਕ ਐਨਆਈਏ ਦੀਆਂ ਟੀਮਾਂ ਸੋਨੂੰ ਦੇ ਘਰ ਪਹੁੰਚੀਆਂ ਹੋਈਆਂ ਹਨ ਅਤੇ ਪਰਿਵਾਰ ਤੋਂ ਪੁੱਛਗਿੱਛ ਜਾਰੀ ਹੈ। ਇਸ ਸਮੇਂ ਸੋਨੂੰ ਕੰਗਲਾ ਜ਼ਮਾਨਤ 'ਤੇ ਬਾਹਰ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸੋਨੂੰ ਦੀ ਮਾਤਾ ਦਲਬੀਰ ਕੌਰ ਨੇ ਵੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਅੰਮ੍ਰਿਤਸਰ ਸੈਂਟਰਲ ਤੋਂ ਚੋਣ ਲੜੀ ਸੀ। ਸੋਨੂੰ ਕੰਗਲਾ ਦੇ ਘਰ ਨਾ ਹੋਣ ਕਾਰਨ ਐਨਆਈਏ ਦੀ ਟੀਮ ਉਸ ਦੀ ਮਾਂ ਦਲਬੀਰ ਕੌਰ ਤੋਂ ਹੀ ਪੁੱਛਗਿੱਛ ਕਰ ਰਹੀ ਹੈ। NIA ਦੀ ਟੀਮ ਨੇ ਸੋਨੂੰ ਦੇ ਘਰ ਦੀ ਤਲਾਸ਼ੀ ਵੀ ਲਈ ਹੈ।