ਕੇਂਦਰ ਸਰਕਾਰ ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ 'ਤੇ 20 ਫ਼ੀ ਸਦੀ ਡਿਊਟੀ ਹਟਾਵੇ : ਸੁਖਬੀਰ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ 'ਤੇ 20 ਫ਼ੀ ਸਦੀ ਡਿਊਟੀ ਹਟਾਵੇ : ਸੁਖਬੀਰ ਬਾਦਲ

IMAGE

 

ਚੰਡੀਗੜ੍ਹ, 11 ਸਤੰਬਰ (ਨਰਿੰਦਰ ਸਿੰਘ ਝਾਂਮਪੁਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ  ਆਖਿਆ ਕਿ ਉਹ ਟੋਟਾ ਚੌਲ ਦੀ ਬਰਾਮਦ 'ਤੇ ਲਗਾਈ ਪਾਬੰਦੀ ਖ਼ਤਮ ਕਰੇ ਅਤੇ ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ 'ਤੇ ਲਗਾਈ ਡਿਊਟੀ ਵਾਪਸ ਲਵੇ ਅਤੇ ਕਿਹਾ ਕਿ ਇਸ ਦਾ ਕਿਸਾਨਾਂ 'ਤੇ ਮਾਰੂ ਅਸਰ ਪਵੇਗਾ ਤੇ ਉਹ ਅਨਾਜ ਦੀਆਂ ਵੱਧ ਬਰਾਮਦ ਦਰਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ | ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਰਾਮਦ 'ਤੇ ਪਾਬੰਦੀ ਅਤੇ ਗ਼ੈਰ ਬਾਸਮਤੀ ਚੌਲ ਦੀ ਬਰਾਮਦ 'ਤੇ 20 ਫ਼ੀ ਸਦੀ ਡਿਊਟੀ ਲਗਾਉਣ ਨਾਲ ਇਸ ਦੀ ਬਰਾਮਦ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਤੇ ਇਹ ਕਿਸਾਨ ਵਿਰੋਧੀ ਕਦਮ ਹਨ ਜੋ ਤੁਰਤ ਵਾਪਸ ਲਏ ਜਾਣੇ ਚਾਹੀਦੇ ਹਨ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਮਈ ਮਹੀਨੇ ਵਿਚ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਕੇ ਵਿਸ਼ਵ ਪੱਧਰ 'ਤੇ ਕਣਕ ਦੀਆਂ ਵਧੀਆਂ ਕੀਮਤਾਂ ਦਾ ਲਾਭ ਲੈਣ ਤੋਂ ਕਿਸਾਨਾਂ ਨੂੰ  ਵਾਂਝਾ ਕਰ ਦਿਤਾ ਸੀ | ਉਨ੍ਹਾਂ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਪਏ ਘਾਟੇ ਨਾਲ ਨਜਿੱਠਣ ਲਈ ਵੱਧ ਕੀਮਤਾਂ ਦੀ ਕਿਸਾਨਾਂ ਨੂੰ  ਬਹੁਤ ਜ਼ਰੂਰਤ ਹੈ ਕਿਉਂਕਿ ਗਰਮੀ ਦੇ ਹਾਲਾਤਾਂ ਕਾਰਨ ਦਾਣਾ ਸੁੰਗੜਨ ਨਾਲ ਝਾੜ ਬਹੁਤ ਘੱਟ ਗਿਆ ਸੀ | ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ  ਟੋਟਾ ਚੌਲ ਦੀ ਬਰਾਮਦ ਨਾਲ ਵਧੀਆਂ ਹੋਈਆਂ ਕੌਮਾਂਤਰੀ ਕੀਮਤਾਂ ਦਾ ਲਾਭ ਲੈਣ ਦਾ ਮੌਕਾ ਸੀ ਪਰ ਸਰਕਾਰ ਨੇ ਟੋਟਾ ਚੌਲ ਦੀ ਬਰਾਮਦ 'ਤੇ ਪਾਬੰਦੀ ਲਗਾ ਦਿਤੀ ਜਦਕਿ ਨਾਲ ਹੀ ਬਹੁਤ ਜ਼ਿਆਦਾ ਡਿਊਟੀ ਵੀ ਲਗਾ ਦਿਤੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ  ਡਵਾਰਫ਼ਿੰਗ ਬਿਮਾਰੀ ਦੀ ਮਾਰ ਪੈ ਰਹੀ ਹੈ ਜਿਸ ਦੇ ਕਾਰਨ ਝੋਨਾ ਸਹੀ ਤਰੀਕੇ ਵਿਕਸਤ ਹੋਣ ਦੀ ਥਾਂ ਬੋਨਾ ਰਹਿ ਗਿਆ ਤੇ ਬੂਟੇ ਖ਼ਤਮ ਹੋ ਰਹੇ ਹਨ | ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ  ਕਿਸਾਨਾਂ ਨੂੰ  ਸਜ਼ਾ ਨਹੀਂ ਦੇਣੀ ਚਾਹੀਦੀ | ਉਨ੍ਹਾਂ ਕਿਹਾ ਕਿ ਬਜਾਏ ਬਰਾਮਦਾਂ 'ਤੇ ਬੰਦਸ਼ਾਂ ਲਾਉਣ ਦੇ ਸਰਕਾਰ ਨੂੰ  ਝੋਨੇ ਦੀ ਐਮਐਸਪੀ ਵਿਚ ਵਾਧਾ ਕਰਨਾ ਚਾਹੀਦਾ ਹੈ ਜਿਸ ਨਾਲ ਸਰਕਾਰੀ ਖਰੀਦ ਵੱਧ ਹੋਵੇਗੀ ਅਤੇ ਦੇਸ਼ ਦੀ ਅਨਾਜ ਸੁਰੱਖਿਆ ਵਿਚ ਸਹਾਇਤਾ ਮਿਲੇਗੀ |
ਐਸਏਐਸ-ਨਰਿੰਦਰ-11-4