ਵਿਜੀਲੈਂਸ ਵੱਲੋਂ ਤਿੰਨ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ, ਦੋ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਸ਼ਿਕਾਇਤ ਕਰਤਾ ਨੇ ਪੰਜਾਬ ਐਂਟੀ ਕੁਰੱਪਸ਼ਨ ਹੈਲਪਲਾਈਨ 'ਤੇ ਦਰਜ ਕਰਵਾਈ ਸ਼ਿਕਾਇਤ

Vigilance registered a case of bribery against three policemen

 

ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਦੋ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਅਤੇ ਇੱਕ ਮਹਿਲਾ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਵਲੰਟੀਅਰ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੋਨੀਪਤ ਜ਼ਿਲ੍ਹਾ ਹਰਿਆਣਾ ਦੇ ਪਿੰਡ ਕਸੰਦੀ ਦੇ ਮਨਜੀਤ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਊਰੋ ਨੇ ਪੁਲਿਸ ਚੌਕੀ ਬੱਸ ਸਟੈਂਡ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਤੇਜਿੰਦਰ ਸਿੰਘ (922/ਐਲਡੀਐਚ.) ਏਐਸਆਈ ਨਸੀਬ ਸਿੰਘ (2212/ਐਲਡੀਐਚ) ਅਤੇ ਮਹਿਲਾ ਹੋਮ ਗਾਰਦ ਜੋਤੀ (ਨੰਬਰ 16240) ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ FIR ਨੰ. 12 ਮਿਤੀ 9.9.2022 ਦਰਜ ਕੀਤੀ ਹੈ। ਇਸ ਮਾਮਲੇ ਵਿਚ ASI ਤੇਜਿੰਦਰ ਸਿੰਘ ਅਤੇ ਮਹਿਲਾ PHG ਜੋਤੀ ਨੂੰ ਪੁੱਛਗਿੱਛ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਮਨਜੀਤ ਨੇ ਪੰਜਾਬ ਐਂਟੀ ਕੁਰੱਪਸ਼ਨ ਹੈਲਪਲਾਈਨ 'ਤੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਥਾਣਾ ਡਿਵੀਜ਼ਨ 5 ਲੁਧਿਆਣਾ ਵਿਖੇ ਆਈ.ਪੀ.ਸੀ. ਦੀ ਧਾਰਾ 420,467, 468, 471, 120ਬੀ ਤਹਿਤ ਦਰਜ FIR 45/19 ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ| ਇਸ ਕੇਸ ਵਿਚ ਕਰੀਬ 35 ਹੋਰ ਸਹਿ ਮੁਲਜ਼ਮ ਹਨ।

ਆਪਣੀ ਸ਼ਿਕਾਇਤ ਵਿਚ ਮਨਜੀਤ ਨੇ ਕਿਹਾ ਕਿ ਉਹ ਜਾਅਲੀ ਪਤੇ ਅਤੇ ਜਾਤੀ ਸਰਟੀਫਿਕੇਟ 'ਤੇ ਰਾਜਪੂਤ ਵਜੋਂ ਫੌਜ ਵਿਚ ਭਰਤੀ ਹੋਇਆ ਸੀ ਪਰ ਉਹ ਜੱਟ ਜਾਤੀ ਨਾਲ ਸਬੰਧ ਰੱਖਦਾ ਹੈ। ਇਸ ਪੁਲਿਸ ਕੇਸ ਵਿਚ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਸ਼ਿਕਾਇਤ ਕਰਤਾ ਨੇ ਆਪਣੇ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਕਰਨ ਸਬੰਧੀ ASI ਤੇਜਿੰਦਰ ਸਿੰਘ ਕੋਲ ਪਹੁੰਚ ਕੀਤੀ ਜਿਸ ਨੇ ਇਸ ਸਬੰਧੀ ਉਸ ਕੋਲੋਂ 20 ਹਜ਼ਾਰ ਰੁਪਏ ਕਿਸ਼ਤਾਂ ਵਿਚ ਲਏ ਸਨ।

ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿਚ ਅੱਗੇ ਦੱਸਿਆ ਕਿ 11.7.2022 ਨੂੰ ਪੀ.ਐਚ.ਜੀ. ਜੋਤੀ ਨੇ ਉਸ ਨੂੰ ਫ਼ੋਨ ਕਰ ਕੇ ਇਸ ਮਾਮਲੇ ਵਿਚ ਉਸ ਦੀ ਮਦਦ ਕਰਨ ਲਈ 20,000 ਰੁਪਏ ਹੋਰ ਮੰਗੇ ਪਰ ਸੌਦਾ 15000 ਰੁਪਏ ਵਿਚ ਤੈਅ ਹੋਇਆ। ਗੱਲਬਾਤ ਦੌਰਾਨ ਉਸ ਨੇ ਸਬੂਤ ਵਜੋਂ ਉਸ ਦੀ ਕਾਲ ਰਿਕਾਰਡ ਕਰ ਲਈ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ 12-7-2022 ਨੂੰ ਪੀ.ਐਚ.ਜੀ. ਜੋਤੀ ਨੂੰ ਮਿਲਿਆ ਸੀ ਜਿਸ ਨੇ ਰਿਸ਼ਵਤ ਵਜੋਂ 15000 ਰੁਪਏ ਦੀ ਮੰਗ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸੇ ਦਿਨ ਏ.ਐਸ.ਆਈ ਤੇਜਿੰਦਰ ਸਿੰਘ ਅਤੇ ਏ.ਐਸ.ਆਈ ਨਸੀਬ ਸਿੰਘ ਨੇ ਉਸ ਪਾਸੋਂ 500-500 ਰੁਪਏ ਰਿਸ਼ਵਤ ਲੈ ਲਈ ਜਿਸ ਦੀ ਮਨਜੀਤ ਨੇ ਵੀਡੀਓ ਰਿਕਾਰਡਿੰਗ ਕਰ ਲਈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਸ਼ਿਕਾਇਤ ਵਿਚਲੇ ਤੱਥ ਸਹੀ ਪਾਏ ਗਏ ਅਤੇ ਉਪਰੋਕਤ ਸਾਰੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਵਿੱਚੋਂ 2 ਪੁਲਿਸ ਮੁਲਾਜ਼ਮਾਂ ਏਐਸਆਈ ਤੇਜਿੰਦਰ ਸਿੰਘ ਅਤੇ ਲੇਡੀ ਪੀਐਚਜੀ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।