ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਵਕੀਲ 'ਤੇ ਲੜਕੀਆਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ, ਕਾਰਨ ਦੱਸੋ ਨੋਟਿਸ ਜਾਰੀ  

ਏਜੰਸੀ

ਖ਼ਬਰਾਂ, ਪੰਜਾਬ

ਵਿਆਹਿਆ ਹੋਣ ਦੇ ਬਾਵਜੂਦ ਖ਼ੁਦ ਨੂੰ ਕੁਆਰਾ ਦੱਸ ਕੇ ਕਰਦਾ ਹੈ ਪ੍ਰਪੋਜ਼

File Photo

ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਵਕੀਲ ਖ਼ਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਵਕੀਲ 'ਤੇ ਦੋਸ਼ ਹੈ ਕਿ ਉਹ ਕੁੜੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇੱਥੋਂ ਤੱਕ ਕਿ ਉਸ ਨੇ ਵਿਆਹੁਤਾ ਹੋਣ ਦੇ ਬਾਵਜੂਦ ਖੁਦ ਨੂੰ ਕੁਆਰਾ ਦੱਸ ਕੇ ਫਰਵਰੀ 2023 ਵਿਚ ਮਹਿਲਾ ਵਕੀਲ ਨੂੰ ਪ੍ਰਪੋਜ਼ ਕੀਤਾ। 

ਹਾਈਕੋਰਟ ਬਾਰ ਐਸੋਸੀਏਸ਼ਨ ਨੇ ਮੁਲਜ਼ਮ ਵਕੀਲ ਨੂੰ ਆਪਣਾ ਪੱਖ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਾਰ ਐਸੋਸੀਏਸ਼ਨ ਨੇ ਪੁੱਛਿਆ ਹੈ ਕਿ ਉਸ ਵਿਰੁੱਧ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕਦੀ?  ਵਕੀਲ ਪੇਸ਼ ਨਾ ਹੋਣ ਦੀ ਸੂਰਤ ਵਿਚ ਬਾਰ ਐਸੋਸੀਏਸ਼ਨ ਇਹ ਮੰਨ ਲਵੇਗੀ ਕਿ ਉਸ ਕੋਲ ਆਪਣੇ ਹੱਕ ਵਿਚ ਬੋਲਣ ਲਈ ਕੁਝ ਨਹੀਂ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। 

ਬਾਰ ਐਸੋਸੀਏਸ਼ਨ ਦੇ ਦਫ਼ਤਰ ਵਿਚ ਮਿਲੀ ਸ਼ਿਕਾਇਤ ਅਨੁਸਾਰ ਵਕੀਲ ਖ਼ਿਲਾਫ਼ ਇਹ ਵੀ ਦੋਸ਼ ਹਨ ਕਿ ਉਸ ਨੇ 1 ਸਤੰਬਰ 2023 ਨੂੰ ਤੀਜ ਪ੍ਰੋਗਰਾਮ ਮੌਕੇ ਸ਼ਿਕਾਇਤਕਰਤਾ ਨਾਲ ਦੁਰਵਿਵਹਾਰ ਕੀਤਾ ਸੀ। ਇੱਥੋਂ ਤੱਕ ਕਿ ਸ਼ਿਕਾਇਤਕਰਤਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਫਿਰ ਇੱਕ ਹੋਰ ਮਹਿਲਾ ਵਕੀਲ ਸਮੇਤ ਦੋ ਵਕੀਲਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। 

ਸ਼ਿਕਾਇਤਕਰਤਾ ਅਨੁਸਾਰ ਦੋਸ਼ੀ ਵਕੀਲ ਨੇ ਵਿਆਹੁਤਾ ਹੋਣ ਦੇ ਬਾਵਜੂਦ ਫਰਵਰੀ 2023 ਵਿਚ ਆਪਣੇ ਆਪ ਨੂੰ ਅਣਵਿਆਹਿਆ ਦੱਸਿਆ। ਸ਼ਿਕਾਇਤਕਰਤਾ ਨੇ ਦੋਸ਼ੀ ਵਕੀਲ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਮਾਮਲੇ ਦੀ ਅਗਲੀ ਕਾਰਵਾਈ ਬਾਰੇ ਫੈਸਲਾ ਬਾਰ ਐਸੋਸੀਏਸ਼ਨ ਵੱਲੋਂ ਲਿਆ ਜਾਵੇਗਾ। ਦੋਸ਼ੀ ਵਕੀਲ ਦੇ ਪੇਸ਼ ਹੋਣ ਜਾਂ ਨਾ ਆਉਣ ਤੋਂ ਬਾਅਦ ਹੀ ਇਸ ਸਬੰਧੀ ਫੈਸਲਾ ਆਵੇਗਾ।