ਹਾਈਕੋਰਟ ਵਲੋਂ ਸੁਮੇਧ ਸੈਣੀ ਨੂੰ ਰਾਹਤ
ਹਾਈਕੋਰਟ ਵਲੋਂ ਅਕਤੂਬਰ, 2015 ਦੌਰਾਨ ਵਾਪਰੇ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮੌਕੇ ਪੰਜਾਬ ਦੇ ਪੁਲਿਸ ਮੁਖੀ ਰਹੇ ਸੁਮੇਧ ਸਿੰਘ ਸੈਣੀ......
ਚੰਡੀਗੜ (ਨੀਲ ਭਲਿੰਦਰ ਸਿੰਘ): ਹਾਈਕੋਰਟ ਵਲੋਂ ਅਕਤੂਬਰ, 2015 ਦੌਰਾਨ ਵਾਪਰੇ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮੌਕੇ ਪੰਜਾਬ ਦੇ ਪੁਲਿਸ ਮੁਖੀ ਰਹੇ ਸੁਮੇਧ ਸਿੰਘ ਸੈਣੀ ਨੂੰ ਰਾਹਤ ਦੇ ਦਿੱਤੀ ਗਈ ਹੈ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੈਣੀ ਵਲੋਂ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਜਸਟਿਸ ਗੁਰਵਿੰਦਰ ਸਿੰਘ ਗਿੱਲ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਸਰਕਾਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕਿਸੇ ਮਾਮਲੇ ਵਿੱਚ ਸੈਣੀ ਦੀ ਗ੍ਰਿਫ਼ਤਾਰੀ ਜ਼ਰੂਰੀ ਹੋ ਜਾਵੇ ਤਾਂ ਇਸ ਦੇ ਲਈ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਜਾਵੇ।
ਦਸਣਯੋਗ ਹੈ ਕਿ ਸੈਣੀ ਨੇ ਬੁਧਵਾਰ ਹੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਪੰਜਾਬ ਵਿੱਚ ਸੱਤਾਧਾਰੀ ਧਿਰ ਉਸ ਨੂੰ ਕਿਸੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਸੈਣੀ ਨੇ ਅਪਣੀ ਪਟੀਸ਼ਨ ਵਿੱਚ ਉਨ੍ਹਾਂ ਦੇ ਵਿਰੁਧ ਕਿਸੇ ਵੀ ਮਾਮਲੇ ਦੀ ਜਾਂਚ ਸੀਬੀਆਈ ਜਾਂ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ। ਸੈਣੀ ਦਾ ਨਾਮ ਹਾਲ ਹੀ ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੁਆਰਾ ਉਕਤ ਘਟਨਾਵਾਂ ਬਾਰੇ ਦਿੱਤੀ ਗਈ ਜਾਂਚ ਰਿਪੋਰਟ ਵਿਚ ਵੀ ਆਇਆ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਪਣੀ ਰਿਪੋਰਟ ਵਿੱਚ ਲੱਗਭੱਗ 3 ਸਾਲ ਪਹਿਲਾਂ ਬਰਗਾੜੀ ਵਿੱਚ ਸਿੱਖ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਕਰਮੀਆਂ ਦੁਆਰਾ ਗੋਲੀ ਚਲਾਏ ਜਾਣ ਦੇ ਮਾਮਲੇ ਵਿੱਚ ਸੈਣੀ ਸਮੇਤ ਕਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਕਈ ਕੇਸ ਆਉਣ ਤੋਂ ਬਾਅਦ ਬਰਗਾੜੀ ਵਿੱਚ ਸਰਕਾਰ ਦੇ ਵਿਰੁਧ ਪ੍ਰਦਰਸ਼ਨ ਕਰ ਰਹੇ ਪਰਦਰਸ਼ਨਕਾਰੀਆਂ ਉੱਤੇ ਪੁਲਿਸ ਨੇ ਗੋਲੀ ਚਲਾਈ ਸੀ ਜਿਸ ਵਿੱਚ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ।
ਇਸ ਤੋਂ ਇਲਾਵਾ ਹਾਲ ਹੀ ਵਿੱਚ ਇੱਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੀ ਪੰਜਾਬ ਵਿਜੀਲੈਂਸ ਕਮਿਸ਼ਨ ਦੁਆਰਾ ਸਾਬਕਾ ਡੀਜੀਪੀ ਨੂੰ ਤਲਬ ਕੀਤੇ ਜਾਣ ਦੀ ਵੀ ਚਰਚਾ ਹੈ। ਉਕਤ ਘਟਨਾਵਾਂ ਅਤੇ ਉਕਤ ਕਮਿਸ਼ਨ ਦੇ ਰਿਪੋਰਟ ਦੇ ਅਧਾਰ ਉਤੇ ਹੀ ਅੱਧਾ ਦਰਜਨ ਦੇ ਕਰੀਬ ਪੁਲਿਸ ਵਾਲਿਆਂ ਵਿਰੁਧ ਐਫਆਈਆਰ ਦਰਜ ਕੀਤੀ ਜਾ ਚੁਕੀ ਹੈ ਜਿਸ ਦੀ ਕਾਰਵਾਈ ਉਤੇ ਹਾਈਕੋਰਟ ਵਲੋਂ ਅੰਤ੍ਰਿਮ ਰੋਕ ਲਗਾਈ ਹੋਈ ਹੈ।