ਬਠਿੰਡਾ ਪੁਲਿਸ ਵਲੋਂ ਸੀਨੀਅਰ ਮੈਡੀਕਲ ਲੈਬ ਟੈਕਨੀਸੀਅਨ ਵਿਰੁਧ ਪਰਚਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਪੁਲਿਸ ਵਲੋਂ ਸੀਨੀਅਰ ਮੈਡੀਕਲ ਲੈਬ ਟੈਕਨੀਸੀਅਨ ਵਿਰੁਧ ਪਰਚਾ ਦਰਜ

image

ਬਠਿੰਡਾ, 11 ਅਕਤੂਬਰ (ਸੁਖਜਿੰਦਰ ਮਾਨ): ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਮੁਲਾਜ਼ਮਾਂ ਵਲੋਂ ਥੈਲੇਸੀਅਮ ਪੀੜਤ ਸੱਤ ਸਾਲਾਂ ਬੱਚੀ ਨੂੰ ਏਡਜ਼ ਰੋਗੀ ਦਾ ਖ਼ੂਨ ਚੜਾਉਣ ਦੇ ਮਾਮਲੇ ਵਿਚ ਅੱਜ ਸਥਾਨਕ ਕੋਤਵਾਲੀ ਪੁਲਿਸ ਨੇ ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਵਿਰੁਧ ਧਾਰਾ 269, 270 ਆਈ.ਪੀ.ਸੀ ਤਹਿਤ ਪਰਚਾ ਦਰਜ ਕਰ ਲਿਆ ਹੈ। ਹਾਲਾਂਕਿ ਮਾਮੂਲੀ ਧਾਰਾਵਾਂ ਲਗਾਉਣ ਤੋਂ ਦੁਖੀ ਪੀੜਤ ਲੜਕੀ ਦੇ ਪਿਤਾ ਨੇ ਉਚ ਅਦਾਲਤ ਵਿਚ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮੂਲੀ ਅਣਗਹਿਲੀ ਨਹੀਂ, ਬਲਕਿ ਇਕ ਸੋਚੀ ਸਮਝੀ ਯੋਜਨਾ ਤਹਿਤ ਇਸ ਨੂੰ ਅੰਜਾਮ ਦੇ ਕੇ ਛੋਟੀ ਬੱਚੀ ਦਾ ਪੂਰਾ ਭਵਿੱਖ ਦਾਅ 'ਤੇ ਲਗਾ ਦਿਤਾ ਹੈ।
  ਪ੍ਰਵਾਰ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਵਿਰੁਧ ਕਤਲ ਕਰਨ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ ਨਾਲ ਹੀ ਲੜਕੀ ਦੇ ਭਵਿੱਖ ਨੂੰ ਬਚਾਉਣ ਲਈ ਮੁਆਵਜ਼ਾ ਵੀ ਦਿਤਾ ਜਾਣਾ ਚਾਹੀਦਾ ਹੈ। ਉਧਰ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਵੀ ਪੁਲਿਸ ਵਲੋਂ ਦਰਜ ਪਰਚੇ ਨੂੰ ਮਹਿਜ਼ ਖ਼ਾਨਾਪੂਰਤੀ ਦੀ ਕਾਰਵਾਈ ਦਸਦਿਆਂ ਉਘੇ ਵਕੀਲ ਐਚ.ਸੀ.ਅਰੋੜਾ ਰਾਹੀਂ ਹਾਈ ਕੋਰਟ ਵਿਚ ਪਿਟੀਸ਼ਨ ਦਾਈਰ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦਸਿਆ ਕਿ ਇਸ ਮਾਮਲੇ ਵਿਚ ਕੀਤੀ ਪੜਤਾਲ ਦੌਰਾਨ ਬਲੱਡ ਬਂੈਕ ਦੇ ਤਿੰਨ ਕਰਮਚਾਰੀਆਂ ਦੀ ਭੂਮਿਕਾ ਸਾਹਮਣੇ ਆਈ ਸੀ। ਪ੍ਰੰਤੂ ਇਹ ਤਿੰਨੇ ਕਰਮਚਾਰੀ ਹੀ ਸਿਹਤ ਵਿਭਾਗ ਦੇ ਅਲੱਗ-ਅਲੱਗ ਵਿੰਗਾਂ ਨਾਲ ਸਬੰਧਤ ਹਨ ਜਿਸ ਦੇ ਚਲਦੇ ਉਨ੍ਹਾਂ ਕੋਲ ਅਥਾਰਟੀ ਵਲੋਂ ਸਿਹਤ ਵਿਭਾਗ ਨਾਲ ਸਬੰਧਤ ਐਸਐਲਟੀ ਬਲਦੇਵ ਸਿੰਘ ਰੋਮਾਣਾ ਨੂੰ ਮੁਅੱਤਲ ਕਰਨ ਉਤੇ ਉਨ੍ਹਾਂ ਵਿਰੁਧ ਕਾਰਵਾਈ ਲਈ ਹਿਦਾਇਤ ਆਈ ਸੀ, ਜਿਸ ਦੇ ਆਧਾਰ 'ਤੇ ਹੀ ਪੁਲਿਸ ਨੂੰ ਪੱਤਰ ਭੇਜਿਆ ਗਿਆ ਸੀ।
   ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਪੱਤਰ ਦੇ ਆਧਾਰ 'ਤੇ ਮੁਢਲੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੜਤਾਲ ਦੌਰਾਨ ਜੁਰਮ ਨੂੰ ਦੇਖਦੇ ਹੋਏ ਇਸ ਵਿਚ ਵਾਧਾ ਹੋ ਸਕਦਾ ਹੈ ਤੇ ਜਿੰਨ੍ਹੇ ਵਿਚ ਇਸ ਜੁਰਮ ਵਿਚ ਮੁਲਜ਼ਮ ਸ਼ਾਮਲ ਹੋਣਗੇ, ਸੱਭ ਵਿਰੁਧ ਕਾਰਵਾਈ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ  ਤਿੰਨ ਮੈਂਬਰੀ ਕਮੇਟੀ ਵਲੋਂ ਕੀਤੀ ਪੜਤਾਲ ਵਿਚ ਬੈਂਕ ਦੀ ਇੰਚਾਰਜ ਮਹਿਲਾ ਡਾਕਟਰ ਕਰਿਸਮਾ ਗੋਇਲ, ਸੀਨੀਅਰ ਲੈਬ ਟੈਕਨੀਸੀਅਨ ਬਲਦੇਵ ਸਿੰਘ ਰੋਮਾਣਾ ਅਤੇ ਇਕ ਮਹਿਲਾ ਕਰਮਚਾਰਣ ਰਿਚੂ ਗੋਇਲ ਨੂੰ ਇਸ ਲਾਪਰਵਾਹੀ ਲਈ ਜ਼ਿੰਮੇਵਾਰੀ ਠਹਿਰਾਇਆ ਸੇ। ਪੜਤਾਲੀਆਂ ਕਮੇਟੀ ਨੇ ਇਹ ਵੀ ਮਹੱਤਵਪੂਰਨ ਇੰਕਸਾਫ਼ ਕੀਤਾ ਹੈ ਕਿ ਬਲੱਡ ਬੈਂਕ 'ਚ ਇੰਚਾਰਜ਼ ਤੇ ਸੀਨੀਅਰ ਲੈਬ ਟੈਕਨੀਸੀਅਨ ਵਿਚਕਾਰ ਚੱਲ ਰਹੀ ਆਪਸੀ ਖ਼ਹਿਬਾਜ਼ੀ ਕਾਰਨ ਇਹ ਘਟਨਾ ਵਾਪਰੀ ਹੈ।
   ਪੜਤਾਲ ਵਿਚ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਘਟਨਾ ਦਾ ਪਤਾ ਲੱਗਣ ਦੇ ਬਾਵਜੂਦ ਬਲੱਡ ਬੈਂਕ ਦੀ ਇੰਚਾਰਜ ਡਾ. ਕਰਿਸ਼ਮਾ ਗੋਇਲ ਨੇ ਨਾ ਸਿਰਫ਼ ਮਾਮਲੇ ਨੂੰ ਦੁਬਾਉਣ ਦੀ ਕੋਸ਼ਿਸ਼ ਕੀਤੀ ਬਲਕਿ ਪੜਤਾਲੀਆਂ ਟੀਮ ਨੂੰ ਵੀ ਹਨੇਰੇ ਵਿਚ ਰਖਿਆ। ਕਮੇਟੀ ਨੇ ਬੈਂਕ ਵਿਚ ਤੈਨਾਤ ਸੀਨੀਅਰ ਲੈਬਾਰਟੀ ਟੈਕਨੀਸ਼ੀਅਨ ਬਲਦੇਵ ਸਿੰਘ ਬਾਰੇ ਵੀ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ ਬਲਦੇਵ ਸਿੰਘ ਨੇ ਹੀ 1 ਅਕਤੂਬਰ ਨੂੰ ਅਪਣੇ ਮੋਬਾਈਲ ਨੰਬਰ ਤੋਂ ਫ਼ੋਨ ਕਰ ਕੇ ਐਚ.ਆਈ.ਵੀ ਪੀੜਤ ਖ਼ੂਨਦਾਨੀ ਨੂੰ ਫ਼ੋਨ ਕਰ ਕੇ ਬਲੱਡ ਬੈਂਕ ਵਿਚ ਖ਼ੂਨਦਾਨ ਕਰਨ ਲਈ ਬੁਲਾਇਆ ਸੀ। 3 ਅਕਤੂਬਰ ਨੂੰ ਥੈਲੇਸੀਅਮ ਪੀੜਤ ਬੱਚੀ ਨੂੰ ਖ਼ੂਨ ਲੱਗਣ ਤਕ ਉਹ ਚੁੱਪ ਰਿਹਾ ਅਤੇ ਖ਼ੂਨ ਲੱਗਣ ਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਇਕ ਸਾਜਸ਼ ਤਹਿਤ ਬੱਚਿਆਂ ਵਾਲੇ ਹਸਪਤਾਲ ਵਿਚ ਜਾ ਕੇ ਰੋਲਾ ਪਾ ਦਿਤਾ।


ਪ੍ਰਵਾਰ ਨੇ ਸਿਹਤ ਅਤੇ ਪੁਲਿਸ ਵਿਭਾਗ ਵਲੋਂ ਕੀਤੀ ਕਾਰਵਾਈ ਨੂੰ ਨਾਕਾਫ਼ੀ ਦਸਿਆ