ਮੋਦੀ ਨੇ ਬਿਲ ਪਾਸ ਕਰ ਕੇ ਪੰਜਾਬੀਆਂ ਨਾਲ ਲਿਆ ਗ਼ਲਤ ਪੰਗਾ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਤਾਂ ਸਿਰਫ਼ ਵੋਟਾਂ ਦੀ ਖੇਤੀ ਕਰਦੈ, ਇਹ ਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ

Bhagwant Mann

ਦੋਦਾ (ਅਸ਼ੋਕ ਯਾਦਵ): ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖ਼ੁਦ ਇਸ ਨੂੰ ਕਿਸਾਨ ਮਾਰੂ ਦਸ ਰਹੇ ਹਨ। 

ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿਚ ਪੜ੍ਹੇ ਹਨ। ਇਨ੍ਹਾਂ ਨੂੰ ਲੋਕਾਂ ਬਾਰੇ ਕੁੱਝ ਵੀ ਨਹੀਂ ਪਤਾ, ਇਨ੍ਹਾਂ ਨੂੰ ਸਿਰਫ਼ ਅਪਣੀਆਂ ਬਸਾਂ ਅਤੇ ਕਾਰੋਬਾਰਾ ਦਾ ਹੀ ਪਤਾ ਹੈ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ, ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬਸਾਂ ਅਤੇ ਇੰਨਾ ਕਾਰੋਬਾਰ ਬਣ ਗਿਆ।

ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਹਨ, ਉਹ ਕਰਜ਼ਾਈ ਨੇ ਉਹ ਸੜਕਾਂ 'ਤੇ ਬੈਠੇ, ਉਹ ਟੋਲ ਪਲਾਜ਼ਿਆਂ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ਼ ਵੋਟਾਂ ਦੀ ਖੇਤੀ ਕਰਦੈ ਇਹ ਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿਲ ਪਾਸ ਕਰ ਕੇ ਪੰਗਾ ਲੈ ਲਿਆ। ਪੰਜਾਬ ਦੇ ਲੋਕ ਇਸ ਮਾਰੂ ਖੇਤੀ ਬਿੱਲਾਂ ਨੂੰ ਵਾਪਸ ਕਰਵਾ ਕੇ ਹਟਣਗੇ

ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰਦਿਆਂ ਕਿਹਾ ਕਿ ਕੈਪਟਨ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਰਹੇ ਹਨ, ਇਸ ਕਰ ਕੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਨਹੀਂ ਬੁਲਾ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ੇਸ਼ ਇਜਲਾਸ ਬੁਲਾਉਣਾ ਚਾਹੀਦਾ ਹੈ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਦਾ ਸਾਥ ਦੇਵੇਗੀ।