ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਕਾਂਗਰਸ ਨੇ ਮੁੱਖ ਮੰਤਰੀ ਯੇਦੀਯੁਰੱਪਾ ਤੋਂ ਮੰਗਿਆ ਅਸਤੀਫ਼ਾ
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਕਾਂਗਰਸ ਨੇ ਮੁੱਖ ਮੰਤਰੀ ਯੇਦੀਯੁਰੱਪਾ ਤੋਂ ਮੰਗਿਆ ਅਸਤੀਫ਼ਾ
ਨਵੀਂ ਦਿੱਲੀ, 11 ਅਕਤੂਬਰ : ਕਾਂਗਰਸ ਨੇ ਐਤਵਾਰ ਨੂੰ ਫਿਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਰਾਜ ਵਿਚ ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸੂਬਾ ਸਰਕਾਰ ਅਪਣੇ 'ਰੰਗੇ' ਨੇਤਾਵਾਂ ਦੇ ਨਾਲ ਭ੍ਰਿਸ਼ਟਾਚਾਰ 'ਚ ਫਸੀ ਹੋਈ ਹੈ। ਸਿੰਘਵੀ ਯੇਦੀਯੁਰੱਪਾ ਦੇ ਬੇਟੇ ਬੀਆਈ ਵਿਜੇਂਦਰ 'ਤੇ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਦੁਆਰਾ ਲਗਾਏ ਗਏ ਦੋਸ਼ ਬਾਰੇ ਬੋਲ ਰਹੇ ਸਨ। ਵਿਜੇਂਦਰ 'ਤੇ ਦੋਸ਼ ਹੈ ਕਿ ਉਸ ਨੇ ਬੈਂਗਲੁਰੂ ਡਿਵੈਲਪਮੈਂਟ ਅਥਾਰਟੀ ਦੇ ਠੇਕੇਦਾਰ ਤੋਂ ਰਿਸ਼ਵਤ ਲਈ ਸੀ। ਕਾਂਗਰਸ ਨੇ ਇਕ ਵਾਰ ਫਿਰ ਯੇਦੀਯੁਰੱਪਾ, ਉਸ ਦੇ ਬੇਟੇ, ਜਵਾਈ ਅਤੇ ਪੋਤੇ ਉੱਤੇ 662 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਕਾਂਗਰਸੀ ਆਗੂ ਨੇ ਕਿਹਾ ਕਿ ਯੇਦੀਯੁਰੱਪਾ ਦੇ ਬੇਟੇ ਅਤੇ ਪੋਤੇ ਵਿਚਕਾਰ ਕਥਿਤ ਆਡੀਉ ਅਤੇ ਵਟਸਐਪ ਗੱਲਬਾਤ ਤੋਂ ਪਤਾ ਚੱਲਦਾ ਹੈ ਕਿ ਉਹ ਭ੍ਰਿਸ਼ਟਾਚਾਰ 'ਚ ਸ਼ਾਮਲ ਸੀ। ਸਿੰਘਵੀ ਨੇ ਸਵਾਲ ਕੀਤਾ ਕਿ ਅਜੇ ਤਕ ਇਸ ਕੇਸ ਵਿਚ ਕੋਈ ਅਪਰਾਧਿਕ ਸ਼ਿਕਾਇਤ ਕਿਉਂ ਨਹੀਂ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਭਾਜਪਾ ਦੀ ਚੁੱਪੀ 'ਤੇ ਸਵਾਲ ਕੀਤਾ ਕਿ ਕੀ ਕਰਨਾਟਕ ਦੇ ਮੁੱਖ ਮੰਤਰੀ ਕੋਲ ਕੋਈ ਵਿਸ਼ੇਸ਼ ਸ਼ਕਤੀ ਹੈ? ਸਿਘਵੀ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੇ ਭਾਜਪਾ ਅਤੇ ਮੁੱਖ ਮੰਤਰੀ ਦੇ ਅੰਦਰ ਕੋਈ ਸ਼ਰਮ ਰਹਿ ਗਈ ਹੈ ਤਾਂ ਜਾਂ ਤਾਂ ਯੇਦੀਯੁਰੱਪਾ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਉਸ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਹੈ। ਇਸ ਦੇ ਨਾਲ ਅਭਿਸ਼ੇਕ ਮਨੂੰ ਸਿੰਘਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ 'ਤੇ ਵੀ ਸਵਾਲ ਚੁੱਕੇ ਹਨ। ਉਸਨੇ ਕਿਹਾ, 'ਯੇਦੀਯੁਰੱਪਾ ਦੇ ਮਾਮਲੇ 'ਚ ਰਾਖੇ ਕਿਉਂ ਸੌਂ ਰਹੇ ਹਨ? ਇਹ ਮੰਦਭਾਗਾ ਹੈ ਕਿ ਤੁਸੀਂ (ਨਰਿੰਦਰ ਮੋਦੀ) ਦੂਜਿਆਂ ਲਈ ਚੌਕੀਦਾਰ ਬਣ ਗਏ ਹੋ ਪਰ ਤੁਹਾਡੇ ਅਪਣੇ ਘਰ ਵਿਚ ਭ੍ਰਿਸ਼ਟਾਚਾਰ ਦੀ ਇਜਾਜ਼ਤ ਦੇ ਰਹੇ ਹੋ।'' (ਪੀਟੀਆਈ)