ਜਲੰਧਰ, 11 ਅਕਤੂਬਰ (ਇੰਦਰਜੀਤ ਸਿੰਘ ਲਵਲਾ): ਜਲੰਧਰ ਕਮਿਸ਼ਨਰੇਟ ਪੁਲਿਸ ਦੇ ਪੀ ਓ ਸਟਾਫ਼ ਵਿਚ ਤਾਇਨਾਤ ਇਕ ਏਐਸਆਈ ਨੇ ਕਰਜ਼ੇ ਅਤੇ ਬੀਮਾਰੀ ਤੋਂ ਪ੍ਰੇਸ਼ਾਨ ਹੋ ਕੇ ਅੱਜ ਪੁਲੀਸ ਲਾਈਨ ਵਿਚ ਅਪਣੀ ਕਨਪੱਟੀ ਵਿਚ ਗੋਲੀ ਮਾਰ ਕੇ ਅਪਣੇ ਆਪ ਨੂੰ ਖ਼ਤਮ ਕਰ ਲਿਆ। ਜਾਣਕਾਰੀ ਅਨੁਸਾਰ ਏਐਸਆਈ ਹੀਰਾ ਲਾਲ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਦਾ ਰਹਿਣ ਵਾਲਾ ਸੀ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਪੀਓ ਸਟਾਫ਼ ਵਿਚ ਤਾਇਨਾਤ ਸੀ ਦੀ ਐਤਵਾਰ ਕਿਸਾਨਾਂ ਦੇ ਧਰਨੇ ਵਾਲੀ ਥਾਂ ਉਤੇ ਡਿਊਟੀ ਲੱਗੀ ਹੋਈ ਸੀ ਜਿਸ ਲਈ ਉਹ ਡਿਊਟੀ ਤੋਂ ਪਹਿਲਾਂ ਪੁਲਿਸ ਲਾਈਨ ਵਿਚ ਆਇਆ ਅਤੇ ਵਰਦੀ ਪਾਉਣ ਤੋਂ ਬਾਅਦ ਅਪਣੇ ਹੀ ਸਰਵਿਸ ਰਿਵਾਲਵਰ ਨਾਲ ਅਪਣੀ ਕਨਪੱਟੀ ਵਿਚ ਗੋਲੀ ਮਾਰ ਲਈ ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਹੁਸ਼ਿਆਰਪੁਰ ਵਿਚ ਇਕ ਕੋਠੀ ਬਣਾਈ ਸੀ ਜਿਸ ਨੂੰ ਬਣਾਉਣ ਲਈ ਉਸ ਨੇ ਬੈਂਕ ਵਿਚੋਂ ਕਰਜ਼ਾ ਲਿਆ ਹੋਇਆ ਸੀ ਜਿਸ ਦੀ ਕਿਸ਼ਤ ਤਕਰੀਬਨ 40 ਹਜ਼ਾਰ ਰੁਪਏ ਮਹੀਨਾ ਸੀ। ਪੁਲਿਸ ਮਹਿਕਮੇ ਵਿਚੋਂ ਜੋ ਉਸ ਨੂੰ ਤਨਖ਼ਾਹ ਮਿਲਦੀ ਸੀ ਉਹ ਕਿਸ਼ਤ ਵਿਚ ਹੀ ਨਿਕਲ ਜਾਂਦੀ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਤੋਂ ਇਲਾਵਾ ਉਸ ਨੂੰ ਫੇਫੜਿਆਂ ਦੀ ਵੀ ਬਿਮਾਰੀ ਸੀ ਜਿਸ ਦਾ ਉਹ ਇਲਾਜ ਕਰਵਾ ਰਿਹਾ ਸੀ। ਪਿਛਲੇ ਕਈ ਦਿਨਾਂ ਤੋਂ ਉਹ ਅਪਣੀ ਤੰਗਹਾਲੀ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ ਜਿਸ ਕਾਰਨ ਅੱਜ ਉਸ ਨੇ ਇਹ ਕਦਮ ਚੁੱਕ ਲਿਆ। ਇਸ ਸਬੰਧੀ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦਸਿਆ ਕਿ ਫਿਲਹਾਲ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਮ੍ਰਿਤਕ ਹੀਰਾ ਲਾਲ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਪੁਲਿਸ ਲਾਈਨ ਵਿਚ ਅਪਣੀ ਹੀ ਸਰਵਿਸ ਰਿਵਾਲਵਰ ਨਾਲ ਮਾਰੀ ਗੋਲੀ
image