ਨਸ਼ਈ ਪਤੀ ਨੇ ਵਢਿਆ ਪਤਨੀ ਦਾ ਗਲਾ, ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨਸ਼ਈ ਪਤੀ ਨੇ ਵਢਿਆ ਪਤਨੀ ਦਾ ਗਲਾ, ਮੌਤ

image

ਭਿੱਖੀਵਿੰਡ, 11 ਅਕਤੂਬਰ( ਗੁਰਪ੍ਰਤਾਪ ਸਿੰਘ ਜੱਜ): ਜ਼ਿਲ੍ਹਾ ਤਰਨਤਾਰਨ ਦੇ ਥਾਣਾ ਕੱਚਾ ਪੱਕਾ ਅਧੀਨ ਆÀੁਂਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਬੀਤੀ ਰਾਤ ਗੁਰਸਾਹਬ ਸਿੰਘ ਪੁੱਤਰ ਬਲਦੇਵ ਸਿੰਘ ਵਲੋਂ ਨਸ਼ੇ ਦੀ ਪੂਰਤੀ ਲਈ ਜ਼ਮੀਨ ਵੇਚਣ ਤੋਂ ਰੋਕਣ ਕਰ ਕੇ ਅਪਣੀ ਪਤਨੀ ਸੰਦੀਪ ਕੌਰ (33) ਦੀ ਬੇਰਹਮੀ ਨਾਲ ਗਲਾ ਵੱਢ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦਸਣਯੋਗ ਹੈ ਕਿ ਇਹ ਘਟਨਾ  ਖੇਤ 'ਚ ਬਣੇ ਘਰ ਅੰਦਰ ਵਾਪਰੀ ਹੈ। ਮ੍ਰਿਤਕ ਔਰਤ ਸੰਦੀਪ ਕੌਰ ਦੇ ਦੋ ਲੜਕੇ 11 ਤੇ 14 ਸਾਲ ਹਨ ਅਤੇ ਘਟਨਾ ਵਾਪਰਨ ਸਮੇਂ ਛੋਟਾ ਲੜਕਾ ਘਰ ਅੰਦਰ ਮੌਜੂਦ ਸੀ ਅਤੇ ਵੱਡਾ ਲੜਕਾ ਘਰੋਂ ਬਾਹਰ ਕਿਸੇ ਰਿਸ਼ਤੇਦਾਰ ਕੋਲ ਗਿਆ ਹੋਇਆ ਸੀ। ਘਟਨਾ ਨੂੰ ਅੰਜਾਮ ਦੇਣ ਸਮੇਂ ਗੁਰਸਾਹਬ ਸਿੰਘ ਵਲੋਂ ਘਰ ਅੰਦਰ ਮੌਜੂਦ ਛੋਟੇ ਲੜਕੇ ਸਹਿਜਪ੍ਰੀਤ ਸਿੰਘ ਨੂੰ ਦੂਸਰੇ ਕਮਰੇ ਵਿਚ ਬੰਦ ਕਰ ਕੇ ਬਾਹਰੋਂ ਤਾਲਾ ਲਗਾ ਦਿਤਾ ਗਿਆ ਸੀ।
    ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਭਰਾ ਹਰਪ੍ਰੀਤ ਸਿੰਘ ਨੇ ਦਸਿਆ ਕਿ ਗੁਰਸਾਹਬ ਸਿੰਘ ਪਿਛਲੇ ਲੰਮੇ ਸਮੇਂ ਤੋਂ ਹੈਰੋਇੰਨ ਦਾ ਨਸ਼ਾ ਕਰਨ ਲਈ ਅਪਣੇ ਹਿੱਸੇ ਦੀ ਸਾਢੇ ਤਿੰਨ ਏਕੜ ਜ਼ਮੀਨ ਵੇਚ ਚੁਕਿਆ ਸੀ ਅਤੇ ਹੁਣ ਨਸ਼ੇ ਦੀ ਪੂਰਤੀ ਲਈ ਅਪਣੇ ਬੱਚਿਆਂ ਅਤੇ ਪਤਨੀ ਸੰਦੀਪ ਕੌਰ ਦੇ ਨਾਮ ਉਤੇ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ। ਪਰ ਮ੍ਰਿਤਕ ਔਰਤ ਸੰਦੀਪ ਕੌਰ ਅਪਣੇ ਪਤੀ ਗੁਰਸਾਹਬ ਸਿੰਘ ਨੂੰ ਨਸ਼ੇ ਕਰਨ ਅਤੇ ਜ਼ਮੀਨ ਜਾਇਦਾਦ ਵੇਚਣ ਤੋਂ ਰੋਕਦੀ ਸੀ ਜਿਸ ਕਾਰਨ ਪਤੀ-ਪਤਨੀ ਵਿਚ ਕਲੇਸ਼ ਰਹਿੰਦਾ ਸੀ ਅਤੇ ਬੀਤੀ ਰਾਤ ਨਸ਼ੇੜੀ ਪਤੀ ਗੁਰਸਾਹਬ ਸਿੰਘ ਵਲੋਂ ਅਪਣੀ ਪਤਨੀ ਸੰਦੀਪ ਕੌਰ  ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਅਤੇ ਗਲਾ ਵੱਢ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਔਰਤ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਜ਼ਮੀਨ ਖ੍ਰੀਦਣ ਲਈ ਕੁੱਝ ਲੋਕ ਗੁਰਸਾਹਬ ਸਿੰਘ ਨੂੰ ਨਸ਼ੇ ਦੀ ਪੂਰਤੀ ਕਰਣ ਲਈ ਪਰਵਾਰਕ ਮੈਂਬਰਾਂ ਦੀ ਜਮੀਨ ਵੇਚਣ ਲਈ ਉਕਸਾਉਦੇ ਸਨ ਜਿਸ ਕਾਰਨ ਕਰ ਕੇ ਦਰਦਨਾਕ ਹਾਦਸਾ ਵਾਪਰਿਆ ਹੈ। ਥਾਣਾ ਕੱਚਾ ਪੱਕਾ ਦੇ ਪੁਲਿਸ ਅਧਿਕਾਰੀ ਗੁਰਨੇਕ ਸਿੰਘ ਨੇ ਦਸਿਆ ਕਿ ਗੁਰਸਾਹਬ ਸਿੰਘ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਤਲ ਸਬੰਧੀ ਪਰਚਾ ਦਰਜ ਕਰ ਕੇ ਮਾਮਲੇ ਦੀ ਤਫ਼ਸ਼ੀਸ ਕੀਤੀ ਜਾ ਰਹੀ ਹੈ।

11-01---------------