ਜੱਲ੍ਹਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦੀ ਕਾਰਵਾਈ ਡੂੰਘੀ ਸਾਜਿ਼ਸ ਦੀ ਕੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਵੀ ਧਰਮ ਦੇ ਗ੍ਰੰਥਾਂ ਦੀ ਤੋਹੀਨ ਜਾਂ ਅਪਮਾਨ ਹੋਣ ਦੇ ਸਖ਼ਤ ਵਿਰੁੱਧ ਹੈ

guru granth sahib

ਫ਼ਤਹਿਗੜ੍ਹ ਸਾਹਿਬ: "ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਧਰਮ, ਕੌਮ ਨਾਲ ਸੰਬੰਧਤ ਗ੍ਰੰਥਾਂ, ਵੈਦਾਂ ਦਾ ਸਤਿਕਾਰ ਕਰਦੀ ਹੈ ਅਤੇ ਕਿਸੇ ਵੀ ਧਰਮ ਦੇ ਗ੍ਰੰਥਾਂ ਦੀ ਤੋਹੀਨ ਜਾਂ ਅਪਮਾਨ ਹੋਣ ਦੇ ਸਖ਼ਤ ਵਿਰੁੱਧ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਪੰਜਾਬ, ਹਰਿਆਣਾ ਆਦਿ ਸੂਬਿਆਂ ਵਿਚ ਸਿੱਖ ਧਰਮ ਨਾਲ ਸੰਬੰਧਤ ਸਮੁੱਚੀ ਮਨੁੱਖਤਾ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਦੀ ਅਗਵਾਈ ਕਰਨ ਵਾਲੇ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰੰਤਰ ਤੇ ਅਪਮਾਨ ਹੁੰਦੇ ਆ ਰਹੇ ਹਨ । ਲੇਕਿਨ ਕਿਸੇ ਵੀ ਸੈਂਟਰ ਦੀ ਹਕੂਮਤ ਜਾਂ ਪੰਜਾਬ ਦੀ ਹਕੂਮਤ ਵੱਲੋਂ ਸਿੱਖ ਕੌਮ ਦੇ ਮਨਾਂ ਨੂੰ ਇਸ ਅਤਿ ਡੂੰਘੀ ਠੇਸ ਪਹੁੰਚਣ ਵਾਲੇ ਅਮਲਾਂ ਨੂੰ ਰੋਕਣ ਲਈ ਕੋਈ ਨੀਤੀ ਜਾਂ ਦ੍ਰਿੜਤਾ ਪੂਰਵਕ ਅਮਲ ਨਹੀਂ ਕੀਤਾ ਜਾ ਰਿਹਾ ।

ਬਲਕਿ ਇਹ ਦੁੱਖਾਂਤ ਵੱਧਦਾ ਹੀ ਜਾ ਰਿਹਾ ਹੈ । ਅੱਜ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਪੁਲਿਸ ਸਟੇਸ਼ਨ ਦੇ ਨਜ਼ਦੀਕ ਪਿੰਡ ਤਰਖਾਣ ਮਾਜਰਾ ਅਤੇ ਜੱਲ੍ਹਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੋ ਦਿਨ ਹੋਏ ਸਾਜ਼ਸੀ ਅਪਮਾਨ ਨੇ ਸਿੱਖ ਕੌਮ ਅਤੇ ਸਮੁੱਚੀ ਮਨੁੱਖਤਾ ਦੀਆਂ ਆਤਮਾਵਾਂ ਤੇ ਮਨਾਂ ਨੂੰ ਵਲੂੰਧਰਕੇ ਰੱਖ ਦਿੱਤਾ ਹੈ । ਇਸ ਹੋਏ ਦੁੱਖਦਾਇਕ ਅਮਲ ਤੋਂ ਇਹ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਪਿੱਛੇ ਹੁਕਮਰਾਨਾਂ ਦੀ ਸਾਜਿ਼ਸ ਦੀ ਕੜੀ ਨਾ ਹੋਵੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਇਹ ਅਤਿ ਗੰਭੀਰਤਾ ਭਰੀ ਅਪੀਲ ਕਰਨੀ ਚਾਹਵਾਂਗੇ ਕਿ ਇਸ ਸੰਬੰਧ ਵਿਚ ਤਰਖਾਣ ਮਾਜਰਾ ਪਿੰਡ ਦੀ ਵਾਰਦਾਤ ਸਮੇਂ 3 ਦੋਸ਼ੀਆਂ ਵਿਚੋਂ ਪਿੰਡ ਨਿਵਾਸੀਆ ਵੱਲੋਂ ਫੜ੍ਹੇ ਗਏ ਇਕ ਦੋਸ਼ੀ ਤੋਂ ਸਹੀ ਢੰਗ ਨਾਲ ਜਾਂਚ ਕਰਦੇ ਹੋਏ ਇਸ ਪਿੱਛੇ ਕੰਮ ਕਰ ਰਹੀਆ ਸਾਤਰ ਅਤੇ ਸਮਾਜ ਵਿਚ ਨਫ਼ਰਤ ਅਤੇ ਅਰਾਜਕਤਾ ਫੈਲਾਉਣ ਵਾਲੀਆ ਤਾਕਤਾਂ ਨੂੰ ਸਾਹਮਣੇ ਲਿਆਉਣ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੀ ਜਿ਼ੰਮੇਵਾਰੀ ਨਿਭਾਵੇ ਤਾਂ ਕਿ ਫਿਰ ਤੋਂ ਪੰਜਾਬ ਵਿਚ ਮਨੁੱਖਤਾ ਦਾ ਖੂਨ ਨਾ ਵਹਿ ਸਕੇ ।"

 ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਤਰਖਾਣ ਮਾਜਰਾ ਅਤੇ ਜੱਲ੍ਹਾ ਪਿੰਡ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਸਾਜ਼ਸੀ ਅਪਮਾਨ ਉਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਅਤੇ ਫੜ੍ਹੇ ਗਏ ਦੋਸ਼ੀ ਰਾਹੀ ਇਸ ਤਹਿ ਤੱਕ ਜਿ਼ਲ੍ਹਾ ਪ੍ਰਸ਼ਾਸ਼ਨ ਫ਼ਤਹਿਗੜ੍ਹ ਸਾਹਿਬ ਨੂੰ ਪਹੁੰਚਣ ਅਤੇ ਇਸ ਪਿੱਛੇ ਕੰਮ ਕਰ ਰਹੀਆ ਤਾਕਤਾਂ ਤੋਂ ਮੁਲਕ ਨਿਵਾਸੀਆ ਨੂੰ ਜਾਣੂ ਕਰਵਾਉਣ ਅਤੇ ਸਖਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਮੇਂ ਸਮੁੱਚੇ ਇੰਡੀਆਂ ਵਿਚ ਮੋਦੀ-ਸ਼ਾਹ ਦੀ ਹਕੂਮਤ ਦੀਆਂ ਮਨੁੱਖਤਾ ਵਿਰੋਧੀ ਦਿਸ਼ਾਹੀਣ ਨੀਤੀਆਂ ਨੂੰ ਲਾਗੂ ਕਰਨ ਅਤੇ ਇਥੇ ਫਿਰਕੂ ਸੋਚ ਅਧੀਨ ਹਿੰਦੂ ਰਾਸਟਰ ਕਾਇਮ ਕਰਨ ਦੀਆਂ ਮੰਦਭਾਵਨਾਵਾਂ ਅਧੀਨ ਸਭ ਸੂਬਿਆਂ ਵਿਚ ਜ਼ਬਰ-ਜੁਲਮ ਦਾ ਦੌਰ ਚੱਲ ਰਿਹਾ ਹੈ ।

ਇਹ ਬੇਇਨਸਾਫ਼ੀਆਂ ਅਤੇ ਜ਼ਬਰ ਜੁਲਮ ਵਿਸ਼ੇਸ਼ ਤੌਰ ਤੇ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ, ਰੰਘਰੇਟਿਆ ਆਦਿ ਨਾਲ ਨਿਰੰਤਰ ਹੁੰਦਾ ਆ ਰਿਹਾ ਹੈ । ਇਨ੍ਹਾਂ ਕਬੀਲਿਆ ਤੇ ਕੌਮਾਂ ਨਾਲ ਸੰਬੰਧਤ ਆਗੂ ਇਨ੍ਹਾਂ ਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਲਾਮਬੰਦ ਵੀ ਕਰ ਰਹੀਆ ਹਨ ਅਤੇ ਜਾਗਰੂਕ ਵੀ ਕਰ ਰਹੀਆ ਹਨ । ਦੂਸਰਾ ਹੁਕਮਰਾਨਾਂ ਵੱਲੋਂ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਇਥੋਂ ਦੇ ਕਾਰਪੋਰੇਟ ਘਰਾਣਿਆ ਦੀ ਸਰਪ੍ਰਸਤੀ ਕਰਕੇ ਅਤੇ ਇਥੋਂ ਦੇ ਸਭ ਸਾਧਨਾਂ ਦੀ ਲੁੱਟ-ਖਸੁੱਟ ਕਰਕੇ ਉਨ੍ਹਾਂ ਨੂੰ ਹੋਰ ਅਮੀਰ ਤੇ ਧਨਾਂਢ ਬਣਾਇਆ ਜਾ ਰਿਹਾ ਹੈ ਅਤੇ ਇਥੋਂ ਦੀ 80% ਆਮ ਜਨਤਾ ਜਿਨ੍ਹਾਂ ਵਿਚ ਕਿਸਾਨ, ਮਜਦੂਰ, ਵਪਾਰੀ, ਵਿਦਿਆਰਥੀ, ਮੁਲਾਜ਼ਮ, ਦੁਕਾਨਦਾਰ ਆਦਿ ਉਤੇ ਜ਼ਬਰੀ ਨੀਤੀਆ ਠੋਸੀਆ ਜਾ ਰਹੀਆ ਹਨ ।

 

ਪਹਿਲੇ ਜੀ.ਐਸ.ਟੀ. ਅਤੇ ਨੋਟਬੰਦੀ ਵਰਗੇ ਦਿਸ਼ਾਹੀਣ ਫੈਸਲੇ ਕਰਕੇ ਇਥੋਂ ਦੀ ਆਰਥਿਕਤਾ ਨੂੰ ਸੱਟ ਮਾਰੀ ਗਈ ਹੈ । ਕਹਿਣ ਤੋਂ ਭਾਵ ਹੈ ਕਿ ਹੁਕਮਰਾਨ ਨਿਜਾਮੀ ਪ੍ਰਬੰਧ ਵਿਚ ਅਸਫਲ ਹੋ ਚੁੱਕਿਆ ਹੈ ਅਤੇ ਸਭ ਵਰਗਾਂ ਵਿਚ ਅਸਾਂਤੀ ਅਤੇ ਨਮੋਸੀ ਪੈਦਾ ਹੋ ਚੁੱਕੀ ਹੈ ਅਤੇ ਹਰ ਤਰਫ ਧਰਨੇ-ਰੈਲੀਆ ਹੋ ਰਹੀਆ ਹਨ । ਇਸ ਤੋਂ ਬਚਣ ਲਈ ਹੁਕਮਰਾਨਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗ੍ਰੰਥਾਂ ਨੂੰ ਅਪਮਾਨਿਤ ਕਰਨ ਅਤੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫ਼ਰਤ ਪੈਦਾ ਕਰਨ ਦੀਆਂ ਸਾਜਿ਼ਸਾਂ ਖੁਦ ਹੁਕਮਰਾਨਾਂ ਤੇ ਏਜੰਸੀਆ ਵੱਲੋਂ ਕੀਤੀਆ ਜਾ ਰਹੀਆ ਹਨ।

ਜੋ ਸਿਆਸਤਦਾਨ ਖੁਦ ਤਾਂ ਆਪਣੀਆ ਕਬਰਾਂ ਪੁੱਟਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ, ਲੇਕਿਨ ਇਸਦੇ ਨਾਲ ਹੀ ਇਥੋਂ ਦੇ 130 ਕਰੋੜ ਨਿਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਅਮਨ-ਚੈਨ ਨਾਲ ਖਿਲਵਾੜ ਕਰ ਰਹੇ ਹਨ । ਜਿਸ ਤੋਂ ਸਮੁੱਚੇ ਵਰਗਾਂ ਨੂੰ ਜਾਗਰੂਕ ਹੁੰਦੇ ਹੋਏ ਜਿਥੇ-ਕਿਤੇ ਵੀ ਅਜਿਹੀਆ ਕਿਸੇ ਕੌਮ, ਧਰਮ ਦੇ ਗ੍ਰੰਥਾਂ ਦਾ ਅਪਮਾਨ ਕਰਨ ਜਾਂ ਵੱਖ-ਵੱਖ ਧਰਮਾਂ, ਕੌਮਾਂ ਵਿਚ ਨਫ਼ਰਤ ਪੈਦਾ ਕਰਨ ਦੀਆਂ ਕਾਰਵਾਈਆ ਹੋ ਰਹੀਆ ਹਨ, ਉਨ੍ਹਾਂ ਨੂੰ ਸੰਜ਼ੀਦਗੀ ਨਾਲ ਰੋਕਣ ਲਈ ਸਮੂਹਿਕ ਰੂਪ ਵਿਚ ਸਾਹਮਣੇ ਵੀ ਆਉਣ ਅਤੇ ਅਜਿਹੇ ਸਾਜਿ਼ਸਕਾਰ ਸਿਆਸਤਦਾਨਾਂ ਦੇ ਖੂੰਖਾਰ ਚਿਹਰਿਆ ਨੂੰ ਚੌਰਾਹੇ ਵਿਚ ਨੰਗਾਂ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਉਣ ।

 ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਜਿਸ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਅਸਥਾਂਨ ਤੇ 7 ਅਤੇ 9 ਸਾਲ ਦੇ ਮਾਸੂਮ ਸਾਹਿਬਜ਼ਾਦਿਆ ਬਾਬਾ ਜੋਰਵਾਰ ਸਿੰਘ, ਬਾਬਾ ਫ਼ਤਹਿ ਸਿੰਘ ਨੇ ਜ਼ਬਰ-ਜੁਲਮ ਵਿਰੁੱਧ ਅਤੇ ਮਨੁੱਖਤਾ ਦੇ ਪੱਖ ਵਿਚ ਅੱਜ ਤੋਂ ਸਦੀਆਂ ਪਹਿਲੇ ਸ਼ਹਾਦਤ ਦੇ ਕੇ ਸਮੁੱਚੀ ਮਨੁੱਖਤਾ ਨੂੰ ਇਨਸਾਨੀ ਕਦਰਾ-ਕੀਮਤਾ ਅਤੇ ਸੱਚ ਉਤੇ ਪਹਿਰਾ ਦੇਣ ਦੀ ਅਗਵਾਈ ਕੀਤੀ, ਉਸ ਸਥਾਂਨ ਤੇ ਸਰਕਾਰੀ ਜਿ਼ੰਮੇਵਾਰੀ ਨਿਭਾਅ ਰਹੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਬੀਬੀ ਅਮ੍ਰਿਤ ਕੌਰ ਗਿੱਲ ਅਤੇ ਐਸ.ਐਸ.ਪੀ. ਬੀਬ ਅਮਨੀਤ ਕੌਰ ਕੌਡਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕੌਮ ਨਾਲ ਤੇ ਮਨੁੱਖਤਾ ਨਾਲ ਜੁੜੇ ਮੁੱਦੇ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਨਾ ਕਰਕੇ ਇਸਦੀ ਜਾਂਚ ਕਰਵਾਉਦੇ ਹੋਏ ਅਸਲ ਦੋਸ਼ੀ ਤਾਕਤਾਂ ਤੇ ਚਿਹਰਿਆ ਤੱਕ ਪਹੁੰਚਣਗੇ ਅਤੇ ਕਾਨੂੰਨ ਅਨੁਸਾਰ ਸਜ਼ਾ ਦਿਵਾਕੇ ਇਸ ਹੋ ਰਹੇ ਮੰਦਭਾਗੇ ਰੁਝਾਂਨ ਦਾ ਅੰਤ ਕਰਨ ਵਿਚ ਭੂਮਿਕਾ ਨਿਭਾਉਣਗੇ ।