ਫਿਰੋਜ਼ਪੁਰ ਦੇ ਕਈ ਲੋਕਾਂ ਲਈ ਹਾਲੇ ਵੀ ਸੁਪਨਾ ਹੈ 'ਪੱਕੇ ਘਰ' ਵਿਚ ਰਹਿਣਾ
ਹਾਲੇ ਵੀ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੀਆਂ ਕਿਸ਼ਤਾਂ ਦਾ ਇੰਤਜ਼ਾਰ ਕਰ ਰਹੇ ਲੋਕ
ਫਿਰੋਜ਼ਪੁਰ: ਦੇਸ਼ ਵਿਚ ਹਰ ਕਿਸੇ ਨੂੰ ਰਹਿਣ ਲਈ ਪੱਕਾ ਘਰ ਦੇਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਪਰ ਇਸ ਦੇ ਬਾਵਜੂਦ ਵੀ ਕਈ ਲੋਕਾਂ ਲਈ 'ਪੱਕੇ ਘਰ' ਵਿਚ ਰਹਿਣਾ ਹਾਲੇ ਵੀ ਇਕ ਸੁਪਨਾ ਹੀ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਲਾ ਮੇਘਾ ਵਿਚ ਰਹਿਣ ਵਾਲੀ ਮਾਇਆ ਬਾਈ (81) ਦੇ ਪਤੀ ਦੀ ਮੌਤ 32 ਸਾਲ ਪਹਿਲਾਂ ਹੋਈ।
ਉਦੋਂ ਤੋਂ ਲੈ ਕੇ ਅੱਜ ਤੱਕ ਉਹ ਦਿਹਾੜੀ ਕਰਕੇ ਅਪਣੇ ਪਰਿਵਾਰ ਨੂੰ ਪਾਲ ਰਹੀ ਹੈ, ਜਿਸ ਵਿਚ ਉਸ ਦੀਆਂ ਦੋ ਕੁੜੀਆਂ ਅਤੇ ਇਕ ਮੁੰਡਾ ਸ਼ਾਮਲ ਹੈ। ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਉਸ ਨੇ ਅਪਣੀਆਂ ਦੋਵੇਂ ਧੀਆਂ ਦਾ ਵਿਆਹ ਕਰਵਾ ਦਿੱਤਾ ਪਰ 'ਪੱਕੇ' ਘਰ ਵਿਚ ਰਹਿਣ ਉਸ ਦੇ ਲਈ ਇਕ ਸੁਪਨਾ ਬਣ ਕੇ ਰਹਿ ਗਿਆ। ਸਾਲ 2015 ਵਿਚ ਉਸ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਈ। ਮਾਰਚ ਮਹੀਨੇ ਵਿਚ ਉਸ ਨੂੰ ਇਸ ਦੀ ਪਹਿਲੀ ਕਿਸ਼ਤ 30,000 ਰੁਪਏ ਮਿਲੀ।
ਅਪਣੇ ਘਰ ਨੂੰ ਪੂਰਾ ਕਰਨ ਲਈ ਬਾਕੀ ਪੈਸਿਆਂ ਦਾ ਇੰਤਜ਼ਾਰ ਕਰ ਰਹੀ ਮਾਇਆ ਬਾਈ ਨੇ ਦੱਸਿਆ ਕਿ 'ਮੈਂ ਇਸ ਸਮੇਂ ਇਕ 'ਕੱਚੇ' ਘਰ 'ਚ ਰਹਿ ਰਹੀ ਹਾਂ। ਪੀਐਮਜੀਏਵਾਈ ਸਕੀਮ ਤਹਿਤ ਪ੍ਰਾਪਤ ਹੋਏ ਪੈਸੇ ਨਾਲ, ਮੈਂ ਆਪਣੇ ਬੇਟੇ ਦੀ ਸਹਾਇਤਾ ਨਾਲ ਜੋ ਕਿ ਇਕ ਦਿਹਾੜੀਦਾਰ ਦਾ ਕੰਮ ਵੀ ਕਰਦਾ ਹੈ, ਅਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਹੁਣ ਸਾਡੇ ਕੋਲ ਘਰ ਦਾ ਨਿਰਮਾਣ ਪੂਰਾ ਕਰਨ ਲਈ ਪੈਸੇ ਨਹੀਂ ਹਨ। ਸਾਡੇ ਕੋਲ ਜਿੰਨੀ ਜਮਾਂ ਰਾਸ਼ੀ ਸੀ ਉਸ ਦੀ ਵਰਤੋਂ ਅਸੀਂ ਕੰਧਾਂ ਉੱਚੀਆਂ ਕਰਨ ਲਈ ਕੀਤੀ'।
ਸੂਤਰਾਂ ਅਨੁਸਾਰ ਫੰਡਾਂ ਦੀ ਘਾਟ ਕਾਰਨ ਮਾਇਆ ਬਾਈ ਸਮੇਤ ਕਈ ਲੋਕਾਂ ਨੂੰ ਬਕਾਇਆ ਕਿਸ਼ਤ ਮੁਹੱਈਆ ਨਹੀਂ ਕੀਤੀ ਜਾ ਸਕੀ। ਲਗਭਗ 1,562 ਬਿਨੈਕਾਰ ਦੂਜੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ ਅਤੇ 1,896 ਵਿਅਕਤੀ ਪੀਐਮਜੀਏਵਾਈ ਦੀ ਤੀਜੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਪਿੰਡ ਦੇ ਇਕ ਹੋਰ ਵਸਨੀਕ ਚਿਮਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ 20 ਦੇ ਕਰੀਬ ਪਰਿਵਾਰ ਹਨ ਜੋ ਫੰਡਾਂ ਦੀ ਉਡੀਕ ਵਿਚ ਹਨ।
ਉਸ ਨੇ ਦੱਸਿਆ, “ਮੈਂ ਅਪਣੀ ਪਤਨੀ ਅਤੇ ਦੋ ਧੀਆਂ ਨਾਲ ਆਪਣੇ ਭਰਾ ਦੇ ਘਰ ਰਹਿ ਰਿਹਾ ਹਾਂ। ਮੈਨੂੰ ਪੀਐਮਜੀਏਵਾਈ ਅਧੀਨ ਸਿਰਫ ਇਕ ਕਿਸ਼ਤ ਮਿਲੀ ਹੈ।”
ਪੀਐਮਜੀਏਵਾਈ ਦੇ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਇਸ ਸਾਲ ਵਿਭਾਗ ਵੱਲੋਂ 1950 ਘਰਾਂ ਲਈ ਫੰਡ ਜਾਰੀ ਕਰਨ ਦਾ ਟੀਚਾ ਹੈ। ਜਿਨ੍ਹਾਂ ਵਿਚ ਫਿਰੋਜ਼ਪੁਰ ਬਲਾਕ ਵਿਚ 295 ਘਰ, ਗੁਰੂ ਹਰ ਸਹਾਏ ਵਿਚ 786 ਘਰ, ਮੱਖੂ ਵਿਚ 215 ਘਰ, ਮਮਦੋਟ ਵਿਚ 422 ਘਰ ਅਤੇ ਜ਼ੀਰਾ ਬਲਾਕ ਵਿਚ 21 ਘਰ ਸ਼ਾਮਲ ਹਨ।
ਜਸਵੰਤ ਸਿੰਘ ਨੇ ਦੱਸਿਆ ਕਿ, 'ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ। ਇਸ ਦੇ ਚਲਦਿਆਂ 70 ਦੇ ਕਰੀਬ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਪਰ, ਕੋਈ ਐਫਆਈਆਰ ਦਰਜ ਨਹੀਂ ਕਰਵਾਈ ਗਈ'।