ਸੰਗਰੂਰ ਦੇ ਕਿਸਾਨਾਂ ਨੇ ਬਾਹਰੀ ਜ਼ਿਲ੍ਹਿਆ ਤੋਂ ਲਿਆਂਦੇ ਗਏ ਝੋਨੇ ਦੇ ਟਰੱਕਾਂ ਨੂੰ ਘੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਪ੍ਰਸ਼ਾਸਨ ਅਸਿੱਧੇ ਤੌਰ‘ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ - ਕਿਸਾਨ

Sangrur farmers protest paddy purchase from other districts

ਸੰਗਰੂਰ: ਪਿੰਡ ਢੱਡਰੀਆਂ ਵਿਚ ਸ਼ੈਲਰ ਮਾਲਕਾਂ ਨੇ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਮੰਡੀ ਤੋਂ ਝੋਨੇ ਦੇ ਤਿੰਨ ਟਰੱਕ ਲਿਆਉਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਰਸਤੇ ਵਿਚ ਹੀ ਝੋਨੇ ਦੇ ਟਰੱਕਾਂ ਨੂੰ ਰੋਕ ਲਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਢੱਡਰੀਆ ਨੇ ਕਿਹਾ ਕਿ ਸ਼ੈਲਰ ਮਾਲਕ ਬਾਹਰਲੀਆਂ ਮੰਡੀਆਂ ਤੋਂ ਝੋਨੇ ਦੀ ਖਰੀਦ ਵਿੱਚ ਰੁੱਝ ਗਏ ਹਨ, ਜਦੋਂ ਕਿ ਸੰਗਰੂਰ ਵਿਚ ਅਜੇ ਤੱਕ ਝੋਨੇ ਦੀ ਖਰੀਦ ਨੇ ਰਫ਼ਤਾਰ ਨਹੀਂ ਫੜੀ। ਜਿਵੇਂ ਹੀ ਕਿਸਾਨਾਂ ਨੂੰ ਟਰੱਕਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਟਰੱਕਾਂ ਨੂੰ ਘੇਰ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ। 

ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਮੰਡੀ ਬੋਰਡ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਸਰਕਾਰਾਂ ਜਿਥੇ ਖੇਤੀਬਾੜੀ ਸੁਧਾਰਾਂ ਦੇ ਕਾਨੂੰਨ ਲੈ ਕੇ ਖੇਤੀ ਨੂੰ ਨਸ਼ਟ ਕਰਨ ‘ਤੇ ਤੁਲੀਆਂ ਹੋਈਆਂ ਹਨ, ਉਥੇ ਸੰਗਰੂਰ ਪ੍ਰਸ਼ਾਸਨ ਅਸਿੱਧੇ ਤੌਰ‘ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। 

ਕਿਸਾਨਾਂ ਨੇ ਕਿਹਾ ਕਿ ਜਦ ਤੱਕ ਸੰਗਰੂਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਖਰੀਦ ਰਫ਼ਤਾਰ ਨਹੀਂ ਫੜਦੀ ਉਦੋਂ ਤੱਕ ਬਾਹਰੀ ਜ਼ਿਲ੍ਹੇ ਜਾਂ ਸੂਬੇ ਤੋਂ ਝੋਨੇ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਇਸ ਵਿਰੁੱਧ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਤੇਜਿੰਦਰ ਸਿੰਘ, ਰਣਜੀਤ ਸਿੰਘ ਢੱਡਰੀਆਂ, ਅੰਗਰੇਜ਼ ਸਿੰਘ, ਬਲਿਹਾਰ ਸਿੰਘ ਰਤੋਕੇ, ਅਵਤਾਰ ਸਿੰਘ, ਜਸਵੀਰ ਸਿੰਘ ਸਾਹੋਕੇ, ਗੁਰਮੁਕਤ ਸਿੰਘ, ਮੰਗਾ ਟਕੀਪੁਰ ਆਦਿ ਹਾਜ਼ਰ ਸਨ।