ਨਾਜ਼ਾਇਜ਼ ਤੌਰ 'ਤੇ ਚੱਲ ਰਹੇ ਬੁੱਚੜਖਾਨੇ ਦਾ ਪਰਦਾਫਾਸ਼, ਗਊਆਂ ਨੂੰ ਮਾਰ ਕੇ ਕੀਤਾ ਜਾਂਦਾ ਸੀ ਵਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਬੁੱਚੜਖਾਨੇ ਵਿਚੋਂ ਕੰਮ ਕਰਦੇ ਤਿੰਨ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 

File Photo

 

ਗੁਰਦਾਸਪੁਰ (ਨਿਤਿਨ ਲੂਥਰਾ) - ਗੁਰਦਾਸਪੁਰ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਵੱਡੀ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਾਜ਼ਾਇਜ਼ ਤੌਰ 'ਤੇ ਚੱਲ ਰਹੇ ਬੁੱਚੜਖਾਨੇ ਦਾ ਪਰਦਾ ਫਾਸ਼ ਕੀਤਾ ਹੈ। ਨਾਜ਼ਾਇਜ਼ ਤੌਰ 'ਤੇ ਚੱਲ ਰਹੇ ਇਸ ਬੁੱਚੜਖਾਨੇ ਵਿਚ ਗਊਆਂ ਨੂੰ ਮਾਰ ਕੇ ਵਪਾਰ ਕੀਤਾ ਜਾਂਦਾ ਸੀ। ਪੁਲਿਸ ਨੇ ਬੁੱਚੜਖਾਨੇ ਵਿਚੋਂ ਕੰਮ ਕਰਦੇ ਤਿੰਨ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 

ਮੌਕੇ 'ਤੇ ਮੌਜੂਦ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਨੇਤਾ ਹਨੀ ਮਹਾਜਨ ਨੇ ਕਿਹਾ ਕਿ ਇਨ੍ਹਾਂ ਬੁੱਚੜਖਾਨਿਆਂ ਤੋਂ ਆਸਪਾਸ ਦੇ ਲੋਕ ਬਹੁਤ ਦੁਖੀ ਸਨ, ਇਸ ਦੀਆਂ ਕਈ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਗਈਆਂ ਸਨ ਅਤੇ ਪੁਲਿਸ ਨੇ ਵੀ ਇਨ੍ਹਾਂ ਲੋਕਾਂ 'ਤੇ ਕਾਰਵਾਈ ਕੀਤੀ ਸੀ, ਪਰ ਫਿਰ ਵੀ ਇਹੋ ਜਿਹੇ ਸ਼ਰਾਰਤੀ ਲੋਕ ਪੁਲਿਸ ਤੋਂ ਬਚਦੇ-ਬਚਾਉਂਦੇ ਲੁਕਵੀਂਆਂ ਥਾਵਾਂ 'ਤੇ ਨਾਜਾਇਜ਼ ਤਰੀਕੇ ਨਾਲ  ਬੁੱਚੜ ਖਾਨੇ ਚਲਾ ਰਹੇ ਹਨ।

ਉਹਨਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਵੱਲੋਂ ਅਜਿਹੇ ਬੁੱਚੜਖਾਨਿਆਂ ਦਾ ਪਰਦਾਫਾਸ਼ ਕਰਨ ਦਾ ਇਹ ਕਦਮ ਸ਼ਲਾਘਾਯੋਗ ਹੈ ਅਤੇ ਇਹਨਾਂ ਬੁੱਚੜ ਖਾਨਿਆਂ ਨੂੰ ਸਦਾ ਲਈ ਬੰਦ ਕਰਦੇ ਹੋਏ ਇਹਨਾਂ ਦੇ ਮਾਲਿਕਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦੇ ਦਾਇਰੇ ਵਿਚ ਲਿਆ ਕੇ ਸਜ਼ਾ ਦੇਣੀ ਚਾਹੀਦੀ ਹੈ। ਓਥੇ ਬੁੱਚੜ ਖਾਨੇ ਵਿੱਚੋਂ ਫੜੇ ਗਏ ਲੋਕਾਂ ਦਾ ਕਹਿਣਾ ਸੀ ਕਿ ਇਸ ਬੁੱਚੜਖ਼ਾਨੇ ਨੂੰ ਸਾਬਕਾ ਸਰਪੰਚ ਨਿਯਮਤ ਮਸੀਹ ਚਲਾ ਰਿਹਾ ਹੈ ਉਹ ਇਥੇ ਕੰਮ ਕਰਦੇ ਹਨ ਅਤੇ ਬਾਕੀ ਸਭ ਤੁਹਾਡੇ ਸਾਹਮਣੇ ਹੈ।

ਓਥੇ ਹੀ ਗੁਰਦਾਸਪੁਰ ਪੁਲਿਸ ਦੇ ਡੀ.ਐਸ.ਪੀ ਰਾਜੇਸ਼ ਕੱਕੜ ਦਾ ਕਹਿਣਾ ਸੀ ਕਿ ਪੁਲਿਸ ਨੇ ਨਾਜ਼ਾਇਜ਼ ਚੱਲ ਰਹੇ ਅਜਿਹੇ ਬੁੱਚੜਖ਼ਾਨੇ ਦਾ ਪਰਦਾ ਫਾਸ਼ ਕੀਤਾ ਹੈ ਜਿਥੇ ਜ਼ਿਊਂਦੀਆਂ ਗਊਆਂ ਨੂੰ ਮਾਰ ਕੇ ਵਪਾਰ ਕੀਤਾ ਜਾਂਦਾ ਸੀ ਬਾਕੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜੇ ਵੀ ਨਵੀਂ ਗੱਲ ਸਾਹਮਣੇ ਆਵੇਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।