ਪੰਜਾਬ 'ਚ ਬਿਜਲੀ ਸੰਕਟ ਨੂੰ  ਲੈ ਕੇ ਘਬਰਾਉਣ ਦੀ ਲੋੜ ਨਹੀਂ : ਚੰਨੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਬਿਜਲੀ ਸੰਕਟ ਨੂੰ  ਲੈ ਕੇ ਘਬਰਾਉਣ ਦੀ ਲੋੜ ਨਹੀਂ : ਚੰਨੀ

image

ਚੰਡੀਗੜ੍ਹ, 11 ਅਕਤੂਬਰ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਲੋਕਾਂ ਨੂੰ  ਬਿਜਲੀ ਸੰਕਟ ਬਾਰੇ ਭਰੋਸਾ ਦਿੰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ | ਅੱਜ ਪੰਜਾਬ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਥਿਤੀ ਦੇ ਮੱਦੇਨਜ਼ਰ ਬਿਜਲੀ ਸਪਲਾਈ ਨਿਰਵਿਘਨ ਚਾਲੂ ਰੱਖਣ ਲਈ ਪੂਰੇ ਕਦਮ ਚੁੱਕ ਰਹੀ ਹੈ ਅਤੇ ਬਲੈਕ ਆਊਟ ਵਰਗੀ ਸਥਿਤੀ ਬਿਲਕੁਲ ਵੀ ਪੈਦਾ ਨਹੀਂ ਹੋਣ ਦਿਤੀ ਜਾਵੇਗੀ | ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਤੇ ਕੇਂਦਰੀ ਬਿਜਲੀ ਮੰਤਰਾਲੇ ਨੂੰ  ਪੱਤਰ ਲਿਖਣ ਤੋਂ ਬਾਅਦ ਕੇਂਦਰ ਨਾਲ ਕੋਲੇ ਦੀ ਸਪਲਾਈ ਲੈਣ ਲਈ ਸਿੱਧਾ ਸੰਪਰਕ ਰਖਿਆ ਜਾ ਰਿਹਾ ਹੈ | 
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕੋਲੇ ਦੀ ਕਮੀ ਕਾਰਨ ਹੀ ਕਈ ਰਾਜਾਂ 'ਚ ਥੋੜੀ ਮੁਸ਼ਕਲ ਆਈ ਹੈ ਪਰ ਘਬਰਾਉਣ ਵਾਲੀ ਸਥਿਤੀ ਵੀ ਨਹੀਂ | ਬਿਜਲੀ ਕੱਟਾਂ ਬਾਰੇ ਉਨ੍ਹਾਂ ਕਿਹਾ ਕਿ ਲੰਮੇ ਤੇ ਬੇਲੋੜੇ ਕੱਟ ਬਿਲਕੁਲ ਵੀ ਨਹੀਂ ਲਾਏ ਜਾਣਗੇ, ਪਰ ਕਈ ਵਾਰ ਕੁੱਝ ਥਾਵਾਂ 'ਤੇ ਬਿਜਲੀ ਸਪਲਾਈ ਦੀ ਕਮੀ ਪੂਰੀ ਕਰਨ ਲਈ ਸੰਕਟ ਦੇ ਸਮੇਂ ਛੋਟੇ-ਛੋਟੇ ਕੱਟ ਮਜਬੂਰੀ 'ਚ ਲਾਉਣੇ ਪੈਂਦੇ ਹਨ | ਚੰਨੀ ਨਾਲ ਪ੍ਰੈੱਸ ਕਾਨਫ਼ਰੰਸ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ, ਗੁਰਕੀਰਤ ਸਿੰਘ ਕੋਟਲੀ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ |