ਸਿੱਖ ਕੌਮ ਨਾਲ ਮੱਥਾ ਲਗਾਉਣ ਵਾਲੇ ਔਰੰਗਜ਼ੇਬ ਦਾ ਹਸ਼ਰ ਦੇਖਣ : ਬਾਬਾ ਬੇਦੀ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਕੌਮ ਨਾਲ ਮੱਥਾ ਲਗਾਉਣ ਵਾਲੇ ਔਰੰਗਜ਼ੇਬ ਦਾ ਹਸ਼ਰ ਦੇਖਣ : ਬਾਬਾ ਬੇਦੀ

image

ਧਰਮ 'ਤੇ ਭਾਰੂ ਰਾਜਨੀਤੀ ਸਿੱਖ ਕੌਮ ਲਈ ਨੁਕਸਾਨਦੇਹ

ਭਾਦਸੋਂ, 11 ਅਕਤੂਬਰ (ਗੁਰਪ੍ਰੀਤ ਸਿੰਘ ਆਲੋਵਾਲ) : ਸਮਾਣਾ ਹਲਕੇ ਅੰਦਰ ਧਬਲਾਨ ਰੋਡ 'ਤੇ ਸਥਿਤ ਕੈਂਬਰਿਜ਼ ਗਲੋਬਲ ਸਕੂਲ ਰੱਖੜਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ  ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨੇ ਸੰਗਤਾਂ ਨੂੰ  ਸ਼ਬਦ ਗੁਰੂ ਨਾਲ ਜੋੜਿਆ, ਉਥੇ ਹੀ ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਨੇ ਬੋਲਦਿਆਂ ਕਿਹਾ ਕਿ ਕੌਮ ਨਾਲ ਮੱਥਾ ਲਾਉਣ ਵਾਲੇ ਔਰੰਗਜ਼ੇਬ ਦੀ ਮੌਤ ਦਾ ਹਸ਼ਰ ਦੇਖਣ ਕਿ ਕਿਸ ਤਰ੍ਹਾਂ ਉਸ ਵੱਲੋਂ ਕੀਤੇ ਮਾੜ੍ਹੇ ਕੰਮਾਂ ਕਰਕੇ ਉਸ ਦਾ ਦਰਦਨਾਕ ਅੰਤ ਹੋਇਆ | 
ਉਨ੍ਹਾਂ ਕਿਹਾ ਕਿ ਅੱਜ ਧਰਮ 'ਤੇ ਰਾਜਨੀਤੀ ਭਾਰੂ ਹੁੰਦੀ ਜਾ ਰਹੀ ਹੈ, ਜਿਸ ਤੋਂ ਬਚਣਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ ਅੰਮਿ੍ਤ ਛਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਆਪਣਾ ਜਨਮ ਸਫਲਾ ਕਰਨਾ ਚਾਹੀਦਾ ਹੈ | ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੌਮ ਦੀ ਖਾਤਿਰ ਸਰਬੰਸ ਵਾਰ ਦਿੱਤਾ ਤਾਂ ਹੀ ਅੱਜ ਸਿੱਖ ਕੌਮ ਦੇ ਕੇਸਰੀ ਨਿਸ਼ਾਨ ਪੂਰੀ ਦੁਨੀਆਂ ਵਿਚ ਝੂਲ ਰਹੇ ਹਨ | 
ਇਸ ਮੌਕੇ ਰਣਬੀਰ ਸਿੰਘ ਖੱਟੜਾ (ਆਈ. ਪੀ. ਐਸ.) ਤੇ ਸਤਬੀਰ ਸਿੰਘ ਖੱਟੜਾ ਚੇਅਰਮੈਨ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਨੇ ਆਈਆਂ ਸੰਗਤਾਂ ਦਾ ਧਨਵਾਦ ਕੀਤਾ | ਇਸ ਸਮਾਗਮ ਦੌਰਾਨ ਸੰਤਾਂ ਮਹਾਂਪੁਰਖਾਂ ਨੂੰ  ਖੱਟੜਾ ਪ੍ਰਵਾਰ ਅਤੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਸਿਰੋਪਾਓ ਤੇ ਲੋਈ ਭੇਟ ਕਰਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਡੀ. ਆਈ. ਜੀ. ਗੁਰਪ੍ਰੀਤ ਸਿੰਘ ਤੂਰ ਪਟਿਆਲਾ, ਸਾਬਕਾ ਆਈ. ਜੀ. ਬਲਕਾਰ ਸਿੰਘ ਸਿੱਧੂ, ਐਸ. ਐਸ. ਪੀ. ਡਾਕਟਰ ਸੰਦੀਪ ਗਰਗ ਪਟਿਆਲਾ, ਸਾਬਕਾ ਐਸ. ਪੀ. ਸ਼ਮਸ਼ੇਰ ਸਿੰਘ ਬੋਪਾਰਾਏ, ਡੀ. ਐਸ. ਪੀ. ਦਲਬੀਰ ਸਿੰਘ ਗਰੇਵਾਲ, ਡੀ. ਐਸ. ਪੀ. ਜਸਵਿੰਦਰ ਸਿੰਘ ਟਿਵਾਣਾ, ਸਾਬਕਾ ਡੀ. ਐਸ. ਪੀ. ਨਾਹਰ ਸਿੰਘ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਕੁਲਦੀਪ ਸਿੰਘ ਨੱਸੂਪੁਰ ਤੇ  ਜਥੇਦਾਰ ਰਣਧੀਰ ਸਿੰਘ ਢੀਂਡਸਾ ਸਮੇਤ ਹੋਰ ਕਈ ਸਖਸ਼ੀਅਤਾਂ ਸ਼ਾਮਲ ਸਨ |