ਲਾਲ ਡੋਰੇ ਅੰਦਰ ਰਹਿੰਦੇ ਸ਼ਹਿਰੀ ਲੋਕਾਂ ਨੂੰ  ਵੀ ਹੁਣ ਮਿਲਣਗੇ ਮਕਾਨਾਂ ਦੇ ਮਾਲਕੀ ਹੱਕ

ਏਜੰਸੀ

ਖ਼ਬਰਾਂ, ਪੰਜਾਬ

ਲਾਲ ਡੋਰੇ ਅੰਦਰ ਰਹਿੰਦੇ ਸ਼ਹਿਰੀ ਲੋਕਾਂ ਨੂੰ  ਵੀ ਹੁਣ ਮਿਲਣਗੇ ਮਕਾਨਾਂ ਦੇ ਮਾਲਕੀ ਹੱਕ

image

'ਮੇਰਾ ਘਰ ਮੇਰੇ ਨਾਮ' ਸਕੀਮ ਵਿਚ ਪਿੰਡਾਂ ਨਾਲ ਸ਼ਹਿਰ ਵੀ ਸ਼ਾਮਲ ਕੀਤੇ, ਡਰੋਨ ਮੈਪਿੰਗ ਰਾਹੀਂ ਹੋਵੇਗੀ ਸ਼ਨਾਖ਼ਤ

ਚੰਡੀਗੜ੍ਹ, 11 ਅਕਤੂਬਰ (ਗੁਰਉਪਦੇਸ਼ ਭੁੱਲਰ): ਚੰਨੀ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿਚ ਅਹਿਮ ਫ਼ੈਸਲਾ ਲੈਂਦਿਆਂ ਸ਼ਹਿਰੀ ਵਰਗ ਦੇ ਲੋਕਾਂ ਨੂੰ  ਵੀ ਮਾਲਕਾਨਾ ਹੱਕ ਦੇਣ ਦਾ ਫ਼ੈਸਲਾ ਲੈਂਦਿਆਂ ਵੱਡੀ ਰਾਹਤ ਦਿਤੀ ਹੈ | 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਹੁਣ ਸ਼ਹਿਰ ਵੀ ਆਉਣਗੇ ਜਦਕਿ ਪਹਿਲਾਂ ਪਿੰਡਾਂ ਨੂੰ  ਇਸ ਸਕੀਮ ਵਿਚ ਸ਼ਾਮਲ ਕੀਤਾ ਗਿਆ ਸੀ | ਲਾਲ ਡੋਰੇ ਅੰਦਰ ਆਉਂਦੇ ਸਾਰੇ ਘਰਾਂ ਵਿਚ ਮਾਲਕਾਨਾ ਹੱਕ ਮਿਲੇਗਾ | ਇਸ ਸਬੰਧ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖ਼ੁਦ ਮੀਟਿੰਗ ਬਾਅਦ ਪ੍ਰੈਸ ਕਾਨਫ਼ਰੰਸ ਕਰ ਕੇ ਐਲਾਨ ਕੀਤਾ |
ਉਨ੍ਹਾਂ ਇਹ ਵੀ ਦਸਿਆ ਕਿ ਇਸ ਸਕੀਮ ਦੇ ਲਾਭਪਾਤਰੀਆਂ ਨੂੰ  ਰਜਿਸਟਰੀ ਦਾ ਖ਼ਰਚਾ ਵੀ ਨਹੀਂ ਦੇਣਾ ਪਵੇਗਾ | ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ਵਿਚ ਵਿਧਾਨ ਸਭਾ ਸੈਸ਼ਨ ਸੱਦਣ ਦਾ ਵੀ ਸੰਕੇਤ ਦਿੰਦੇ ਹੋਏ ਕਿਹਾ ਕਿ ਐਨ.ਆਰ.ਆਈਜ਼ ਦੀ ਜਾਇਦਾਦ ਦੀ ਸੁਰੱਖਿਆ ਬਾਰੇ ਆਉਂਦੇ ਸੈਸ਼ਨ ਵਿਚ ਬਿਲ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਐਨ.ਆਰ.ਆਈ. ਦਾ ਕਲੇਮ ਬਕਾਇਆ ਹੈ ਤਾਂ ਉਹ 15 ਦਿਨਾਂ ਵਿਚ ਨਿਪਟਾਰਾ ਕਰਵਾ ਸਕਦੇ ਹਨ | ਬਿਜਲੀ ਦੇ ਬਕਾਇਆ ਬਿਲ ਮਾਫ਼ ਕਰਨ ਸਬੰਧੀ ਵੀ ਪੈਦਾ ਭਰਮ ਭੁਲੇਖੇ ਦੂਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਫ਼ੀ ਸੱਭ ਲੋਕਾਂ ਲਈ ਹੈ ਅਤੇ ਇਸ ਸਬੰਧ ਵਿਚ ਲਾਭ ਪੇਣ ਲਈ ਭਰਨ ਵਾਸਤੇ ਫ਼ਾਰਮ ਤਿਆਰ ਹੋ ਚੁੱਕੇ ਹਨ ਜਿਸ ਦੇ ਆਧਾਰ 'ਤੇ ਮਾਫ਼ੀ ਹੋਵੇਗੀ |  ਇਸ ਨਾਲ 52 ਲੱਖ ਖਪਤਕਾਰਾਂ ਨੂੰ  ਫ਼ਾਇਦਾ ਹੋਣਾ ਹੈ |
ਮੁੱਖ ਮੰਤਰੀ ਨੇ 'ਮੇਰਾ ਘਰ ਮੇਰੇ ਨਾਮ' ਸਕੀਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਕੰਮ 2 ਮਹੀਨੇ ਅੰਦਰ ਪੂਰਾ ਕੀਤਾ ਜਾਵੇਗਾ ਅਤੇ ਇਸ ਸਬੰਧ ਵਿਚ ਡਿਜੀਟਲ ਡਰੋਨ ਸਰਵੇ ਕਰਨ ਲਈ ਮਾਲ ਮਹਿਕਮੇ ਨੂੰ  ਕਿਹਾ ਗਿਆ ਹੈ | ਲਾਭਪਾਤਰੀਆਂ ਨੂੰ  ਇਤਰਾਜ਼ ਲਈ 15 ਦਿਨ ਦਿਤੇ ਜਾਣਗੇ ਤੇ ਉਸ ਤੋਂ ਬਾਅਦ ਜਾਇਦਾਦ ਦੇ ਮਾਲਕੀ ਕਾਰਡ ਜਾਰੀ ਹੋ ਜਾਣਗੇ | ਇਸ ਬਾਅਦ ਰਿਹਾਇਸ਼ੀ ਮਾਲਕ ਇਸ ਨੂੰ  ਰਜਿਸਟਰੀ ਕਰਵਾ ਕੇ ਵੇਚ ਵੱਟ ਸਕੇਗਾ |