ਉਸਾਰੀ ਅਤੇ ਗ਼ੈਰ-ਹੁਨਰਮੰਦ ਕਾਮਿਆਂ ਦੀ ਭਲਾਈ ਲਈ ਵਚਨਬਧ : ਅਨਮੋਲ ਗਗਨ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਉਸਾਰੀ ਅਤੇ ਗ਼ੈਰ-ਹੁਨਰਮੰਦ ਕਾਮਿਆਂ ਦੀ ਭਲਾਈ ਲਈ ਵਚਨਬਧ : ਅਨਮੋਲ ਗਗਨ ਮਾਨ

image


ਚੰਡੀਗੜ੍ਹ, 11 ਅਕਤੂਬਰ (ਸੱਤੀ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਉਸਾਰੀ ਕਿਰਤੀਆਂ ਅਤੇ ਗ਼ੈਰ-ਹੁਨਰਮੰਦ ਕਾਮਿਆਂ ਦੀ ਭਲਾਈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬਧ ਹੈ | ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦਸਿਆ ਕਿ ਬੀਤੀ ਸਾਮ ਸੂਬੇ ਦੇ ਮੁੱਖ ਮੰਤਰੀ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫ਼ੇਅਰ ਬੋਰਡ ਦੀ ਸਮੀਖਿਆ ਮੀਟਿੰਗ ਵਿਚ ਹੁਨਰਮੰਦ ਅਤੇ ਗ਼ੈਰ-ਹੁਨਰਮੰਦ ਕਾਮਿਆਂ ਨੂੰ  ਪੰਜਾਬ ਸਰਕਾਰ ਵਲੋਂ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਉਨ੍ਹਾਂ ਦੀ ਘੱਟੋ-ਘੱਟ ਉਜਰਤ ਵਿਚ ਵਾਧਾ ਕੀਤਾ ਗਿਆ ਹੈ |
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਵਿਚ ਮਜ਼ਦੂਰਾਂ ਦਾ ਵਿਸ਼ੇਸ਼ ਯੋਗਦਾਨ ਹੈ | ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਵਲੋਂ ਗ਼ੈਰ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤ ਮੌਜੂਦਾ 9192 ਰੁਪਏ ਤੋਂ ਵਧਾ ਕੇ 9907 ਰੁਪਏ ਕਰ ਦਿਤੀ ਗਈ ਹੈ, ਜਦਕਿ ਅਰਧ ਹੁਨਰਮੰਦਾਂ ਦੀ ਘੱਟੋ-ਘੱਟ ਉਜਰਤ 9972 ਰੁਪਏ ਤੋਂ ਵਧਾ ਕੇ 10687 ਰੁਪਏ ਕਰ ਦਿਤੀ ਗਈ ਹੈ | ਉਨ੍ਹਾਂ ਦਸਿਆ ਕਿ ਹੁਨਰਮੰਦ ਕਾਮਿਆਂ ਦੀ ਉਜਰਤ 10869 ਰੁਪਏ ਤੋਂ ਵਧਾ ਕੇ 11584 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਦੀ ਉਜਰਤ 11901 ਰੁਪਏ ਤੋਂ ਵਧਾ ਕੇ 12616 ਰੁਪਏ ਕਰ ਦਿਤੀ ਗਈ ਹੈ |  ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਵਲੋਂ ਜਲਦੀ ਹੀ ਕਾਮਿਆਂ ਦੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸਨ ਵਰਕਰਜ ਵੈਲਫ਼ੇਅਰ ਬੋਰਡ ਕੋਲ ਰਜਿਸਟਰੇਸ਼ਨ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾਵੇਗੀ | ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਬੋਰਡ ਕੋਲ 5.30 ਲੱਖ ਕਾਮੇ ਰਜਿਸਟਰਡ ਹਨ, ਜਿਨ੍ਹਾਂ ਦੀ ਗਿਣਤੀ ਵਧਾ ਕੇ ਘੱਟੋ-ਘੱਟ 15 ਲੱਖ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਸਮਾਜ ਦੇ ਹਰ ਵਰਗ ਦੇ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਪਿੰਡਾਂ, ਸ਼ਹਿਰਾਂ, ਲੇਬਰ ਚੌਂਕਾਂ ਤੇ ਨਿਰਮਾਣ ਕਾਰਜਾਂ ਵਾਲੀਆਂ ਥਾਵਾਂ ਉਤੇ ਟੀਮਾਂ ਭੇਜ ਕੇ ਕਾਮਿਆਂ ਦੀ ਰਜਿਸਟਰੇਸ਼ਨ ਕਰਵਾਈ ਜਾਵੇਗੀ |