ਐਸ.ਵਾਈ.ਐਲ ਦੇ ਵਿਵਾਦ ਦੇ ਹੱਲ ਲਈ 14 ਅਕਤੂਬਰ ਨੂੰ ਕਰਨਗੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ
ਐਸ.ਵਾਈ.ਐਲ ਦੇ ਵਿਵਾਦ ਦੇ ਹੱਲ ਲਈ 14 ਅਕਤੂਬਰ ਨੂੰ ਕਰਨਗੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ
ਕੇਂਦਰ ਦਾ ਕੋਈ ਨੁਮਾਇੰਦਾ ਨਹੀਂ ਸ਼ਾਮਲ ਹੋਵੇਗਾ ਮੀਟਿੰਗ 'ਚ, 2021 ਵਿਚ ਵੀ ਹੋਈ ਸੀ ਅਜਿਹੀ ਮੁੱਖ ਮੰਤਰੀਆਂ ਦੀ ਮੀਟਿੰਗ ਪਰ ਨਹੀਂ ਨਿਕਲਿਆ ਸੀ ਕੋਈ ਹੱਲ
ਚੰਡੀਗੜ੍ਹ, 11 ਅਕਤੂਬਰ (ਭੁੱਲਰ): ਐਸ.ਵਾਈ.ਐਲ ਨਹਿਰ ਦੇ ਵਿਵਾਦ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 14 ਅਕਤੂਬਰ ਨੂੰ ਕਿਸੇ ਹੱਲ 'ਤੇ ਵਿਚਾਰ ਚਰਚਾ ਕਰਨ ਲਈ ਆਪਸੀ ਮੀਟਿੰਗ ਕਰਨਗੇ |
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਕੇਂਦਰ ਦਾ ਕੋਈ ਵੀ ਪ੍ਰਤੀਨਿਧ ਮੰਤਰੀ ਜਾਂ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ | ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮੀਟਿੰਗ ਦੀ ਪੁਸ਼ਟੀ ਅੱਜ ਪੰਜਾਬ ਸਕੱਤਰੇਤ ਵਿਚ ਨਵੇਂ ਪ੍ਰੈਸ ਰੂਮ ਦਾ ਉਦਘਾਟਨ ਕਰਨ ਮੌਕੇ ਖ਼ੁਦ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਕੀਤੀ | ਉਨ੍ਹਾਂ ਦਸਿਆ ਕਿ ਇਹ ਮੀਟਿੰਗ ਸਵੇਰੇ 11.30 ਵਜੇ ਚੰਡੀਗੜ੍ਹ ਵਿਚ ਹੀ ਹੋਵੇਗੀ | ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਸਮੇਂ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿਤੇ ਸਨ ਕਿ ਐਸ.ਵਾਈ.ਐਲ ਦੇ ਮਾਮਲੇ ਦੇ ਹੱਲ ਲਈ ਪੰਜਾਬ ਤੇ ਹਰਿਆਣਾ ਦਰਮਿਆਨ ਕੇਂਦਰੀ ਮੰਤਰਾਲਾ ਮੀਟਿੰਗ ਕਰਵਾ ਕੇ ਕੋਈ ਆਪਸੀ ਸਹਿਮਤੀ ਕਰਵਾਏ |
ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਗੱਲਬਾਤ ਰਾਹੀਂ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮੀਟਿੰਗ ਵਿਚ ਪੰਜਾਬ ਦਾ ਪੱਖ ਪੂਰੇ ਤੱਥਾਂ ਸਮੇਤ ਰੱਖਣਗੇ | ਜ਼ਿਕਰਯੋਗ ਹੈ ਕਿ 2021 ਵਿਚ ਵੀ ਇਸੇ ਮੁੱਦੇ ਨੂੰ ਲੈ ਕੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਰਮਿਆਨ ਮੀਟਿੰਗ ਹੋਈ ਸੀ ਪਰ ਉਸ ਵਿਚ ਕੋਈ ਹੱਲ ਨਹੀਂ ਸੀ ਨਿਕਲਿਆ ਅਤੇ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹੈ ਤੇ ਹੁਣ ਕੋਰਟ ਨੂੰ ਮੁੜ ਮੀਟਿੰਗ ਦੇ ਨਿਰਦੇਸ਼ ਦੇਣੇ ਪਏ |