ਟਰਾਂਸਪੋਰਟ ਟੈਂਡਰ ਘੁਟਾਲਾ : ਵਿਜੀਲੈਂਸ ਬਿਊਰੋ ਨੇ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕੌਂਸਲਰ ਸੰਨੀ ਭੱਲਾ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤਕ 17 ਮੁਲਜ਼ਮ ਨਾਮਜ਼ਦ, ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਨੇ ਕੀਤੀ ਪੁਸ਼ਟੀ
ਲੁਧਿਆਣਾ : ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਦੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਹੁਣ ਭਾਰਤ ਭੂਸ਼ਣ ਆਸ਼ੂ ਦੇ ਬੇਹੱਦ ਕਰੀਬੀ ਕੌਂਸਲਰ ਸੰਨੀ ਭੱਲਾ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਹੈ। ਸੰਨੀ ਭੱਲਾ ਨੂੰ ਭਲਕੇ ਅਦਾਲਤ ਦੇ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਸ ਸਬੰਧੀ ਵਿਜੀਲੈਂਸ ਦੇ ਐਸ ਐਸ ਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੇ ਵਿਚ ਹੁਣ ਤਕ 17 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਤੇ ਤਿੰਨ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਹਨ। ਐਸਐਸਪੀ ਵਿਜੀਲੈਂਸ ਨੇ ਦੱਸਿਆ ਕਿ ਮਾਮਲੇ ਵਿੱਚ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂ ਕਿ ਬਾਕੀ ਭਗੌੜੇ ਹਨ।
ਇਸ ਮਾਮਲੇ ਦੇ ਵਿਚ ਸਾਬਕਾ ਮੰਤਰੀ ਆਸ਼ੂ ਤੋਂ ਇਲਾਵਾ ਸੰਦੀਪ ਭਾਟੀਆ, ਜਗਰੂਪ ਸਿੰਘ, ਮੀਨੂ ਮਲਹੋਤਰਾ, ਇੰਦਰਜੀਤ ਸਿੰਘ, ਰਾਕੇਸ਼ ਸਿੰਗਲਾ ਤੋਂ ਇਲਾਵਾ ਮੁੱਲਾਂਪੁਰ ਦਾਖਾ ਤੋਂ ਨਗਰ ਪ੍ਰੀਸ਼ਦ ਪ੍ਰਧਾਨ ਤੇਲੁਰਾਮ ਬੰਸਲ ਤੇ ਮਹਾਵੀਰ ਬੰਸਲ ਤੋਂ ਇਲਾਵਾ 2 ਆੜਤੀ ਵੀ ਸ਼ਾਮਿਲ ਹਨ।