ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਝਟਕਾ: 2 ਵਿਅਕਤੀ 12 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ
ਖੁਫੀਆ ਜਾਣਕਾਰੀ ਦੇ ਅਧਾਰ ’ਤੇ CI ਫਿਰੋਜ਼ਪੁਰ ਦੀ ਕਾਰਵਾਈ
ਫਿਰੋਜ਼ਪੁਰ: ਪੰਜਾਬ ਪੁਲਿਸ ਨੇ ਪਾਕਿਸਤਾਨ ਵਿਚ ਲੁਕੇ ਤਸਕਰਾਂ ਨੂੰ ਵੱਡਾ ਝਟਕਾ ਦਿਤਾ ਹੈ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਭੇਜੀ ਗਈ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇੰਨਾ ਹੀ ਨਹੀਂ ਫ਼ਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਦੀ ਟੀਮ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੀ ਸਫ਼ਲਤਾ ਹਾਸਲ ਕੀਤੀ ਹੈ। ਇਹ ਤਸਕਰ ਸਰਹੱਦ ਪਾਰ ਤੋਂ ਇਸ ਖੇਪ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਰਹੇ ਸਨ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 84 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਬਿੰਦਰ ਸਿੰਘ ਉਰਫ਼ ਬਿੰਦਰ ਅਤੇ ਕੁਲਵੰਤ ਸਿੰਘ ਉਰਫ਼ ਕਾਂਤਾ ਦੋਵੇਂ ਵਾਸੀ ਪਿੰਡ ਮੱਲਣ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੀ ਮਾਰੂਤੀ ਸਵਿਫਟ ਡਿਜ਼ਾਇਰ ਕਾਰ (ਪੀਬੀ-18-ਐਮ-8998) ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿਚ ਉਹ ਸਫ਼ਰ ਕਰ ਰਹੇ ਸਨ। ਜਦੋਂ ਦੋਵੇਂ ਮੁਲਜ਼ਮ ਆਪਣੀ ਸਵਿਫ਼ਟ ਡਿਜ਼ਾਇਰ ਕਾਰ 'ਚ ਆ ਰਹੇ ਸਨ, ਤਾਂ ਪੁਲਿਸ ਟੀਮਾਂ ਨੇ ਉਹਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 16 ਪੈਕੇਟ ਹੈਰੋਇਨ, ਜਿਸ ਦਾ ਵਜ਼ਨ 12 ਕਿਲੋ ਹੈ, ਬਰਾਮਦ ਕੀਤੀ।
ਇਹ ਵੀ ਪੜ੍ਹੋ: Israel–Hamas war: ਇਜ਼ਰਾਈਲ ਦੀ ਘੇਰਾਬੰਦੀ ਤੋਂ ਬਾਅਦ ਗਾਜ਼ਾ ’ਚ ਬੱਤੀ ਗੁੱਲ, ਇਜ਼ਰਾਈਲੀ PM ਵਲੋਂ ਵਾਰ ਕੈਬਨਿਟ ਦਾ ਗਠਨ
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ ਨੇ ਦਸਿਆ ਕਿ ਇਹ ਕਾਰਵਾਈ ਖੁਫੀਆ ਸੂਚਨਾ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਸੀ.ਆਈ. ਫ਼ਿਰੋਜ਼ਪੁਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਤਸਕਰ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਹਨ। ਸੀ.ਆਈ. ਫ਼ਿਰੋਜ਼ਪੁਰ ਨੇ ਵਿਉਂਤਬੰਦੀ ਕਰਕੇ ਜਾਲ ਵਿਛਾਇਆ।
ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਅਹਿਮਦਾਬਾਦ ਪਹੁੰਚੇ ਸ਼ੁਭਮਨ ਗਿੱਲ
ਸੀ.ਆਈ. ਫ਼ਿਰੋਜ਼ਪੁਰ ਨੇ ਰਾਤ ਦੇ ਹਨੇਰੇ 'ਚ ਹੈਰੋਇਨ ਦੀ ਖੇਪ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਰਹੇ ਦੋਵੇਂ ਤਸਕਰਾਂ ਨੂੰ ਕਾਬੂ ਕੀਤਾ। ਇਹ ਖੇਪ ਭਾਰਤੀ ਤਸਕਰਾਂ ਵਲੋਂ ਅੱਗੇ ਪਹੁੰਚਾਈ ਜਾਣੀ ਸੀ। ਡੀ.ਜੀ.ਪੀ. ਨੇ ਦਸਿਆ ਕਿ ਫੜੇ ਗਏ ਤਸਕਰਾਂ ਤੋਂ ਪੁਛਗਿਛ ਸ਼ੁਰੂ ਕਰ ਦਿਤੀ ਗਈ ਹੈ।ਇਸ ਸਬੰਧੀ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21(ਸੀ) ਅਤੇ 29 ਤਹਿਤ ਐਫਆਈਆਰ ਨੰਬਰ 35 ਮਿਤੀ 11-10-2023 ਨੂੰ ਮਾਮਲਾ ਦਰਜ ਕੀਤਾ ਗਿਆ ਹੈ।