ਸੁਲਤਾਨਪੁਰ ਲੋਧੀ 'ਚ ਦੋ ਪੀੜ੍ਹੀਆਂ ਮਗਰੋਂ ਰੱਬ ਨੇ ਬਖਸ਼ੀ ਧੀ ਦੀ ਦਾਤ, ਪਰਿਵਾਰ ਨੇ ਧੂਮ-ਧਾਮ ਨਾਲ ਕੀਤਾ ਸੁਆਗਤ

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਨੇ ਹੋਰਾਂ ਨੂੰ ਵੀ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਹੱਕ ਦੇਣ ਦੀ ਕੀਤੀ ਅਪੀਲ

File Photo

ਸੁਲਤਾਨਪੁਰ ਲੋਧੀ - ਪਿੰਡ ਮੈਰੀਪੁਰ ਵਿਚ ਇਕ ਪਰਿਵਾਰ ਦੇ ਘਰ ਦੋ ਪੀੜ੍ਹੀਆ ਮਗਰੋਂ ਧੀ ਨੇ ਜਨਮ ਲਿਆ ਹੈ ਜਿਸ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੇ ਬੱਚੀ ਦਾ ਧੂਮ-ਧਾਮ ਨਾਲ ਸੁਆਗਤ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿਚ ਸ਼ੁਰੂ ਤੋਂ ਹੀ ਮੁੰਡੇ ਹਨ ਅਤੇ ਘਰ ਵਿਚ ਕੋਈ ਵੀ ਕੁੜੀ ਨਹੀਂ ਸੀ ਪਰ ਇਸ ਵਾਰ ਰੱਬ ਨੇ ਉਹਨਾਂ ਦੀ ਅਰਦਾਸ ਨੂੰ ਸਵੀਕਾਰ ਕਰ ਕੇ ਧੀ ਦੀ ਦਾਤ ਬਖਸ਼ੀ ਹੈ। 

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਢੋਲ ਵਜਾ ਕੇ, ਭੰਗੜੇ ਪਾਕੇ ਨਵਜੰਮੀ ਧੀ ਦਾ  ਸੁਆਗਤ ਕੀਤਾ ਅਤੇ ਸਮਾਜ ਵਿਚ ਰਹਿੰਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਧੀਆਂ ਨੂੰ ਕੁੱਖ ਵਿਚ ਨਾ ਮਾਰੋ ਅਤੇ ਉਨ੍ਹਾਂ ਨੂੰ ਪੁੱਤਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਵੇ, ਕਿਉਂਕਿ ਧੀਆਂ ਕਿਸੇ ਵੀ ਚੀਜ਼ ਵਿਚ ਪੁੱਤਾਂ ਨਾਲੋਂ ਘੱਟ ਨਹੀਂ ਹਨ ਸਗੋਂ ਪੁੱਤਾਂ ਨਾਲੋਂ ਵੱਧ ਧੀਆਂ ਆਪਣੇ ਮਾਪਿਆਂ ਨੂੰ ਮਾਨ ਅਤੇ ਸਤਿਕਾਰ ਬਖ਼ਸ਼ਦੀਆਂ ਹਨ।