ਕਰਵਾ ਚੌਥ ਵਾਲੇ ਦਿਨ ਔਰਤ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮ੍ਰਿਤਕ ਦੀ ਪਛਾਣ ਤਪਾ ਮੰਡੀ ਦੀ 59 ਸਾਲ ਦੀ ਆਸ਼ਾ ਰਾਣੀ ਵਜੋਂ ਹੋਈ
ਬਰਨਾਲਾ: ਬਰਨਾਲਾ ਦੇ ਤਪਾ ਮੰਡੀ ਵਿੱਚ ਕਰਵਾ ਚੌਥ ਵਾਲੇ ਦਿਨ ਇੱਕ ਮਹਿਲਾ ਦੀ ਕਰਵਾ ਚੌਥ ਵਾਲੇ ਦਿਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਕਰਵਾ ਚੌਥ ਦਾ ਵਰਤ ਰੱਖ ਕੇ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਪਰ ਜੇਕਰ ਵਰਤ ਰੱਖਣ ਵਾਲੀ ਔਰਤ ਦੀ ਕਰਵਾ ਚੌਥ ਵਰਤ ਖੋਲਣ ਤੋਂ ਕੁਝ ਮਿੰਟ ਪਹਿਲਾਂ ਹੀ ਮੌਤ ਹੋ ਜਾਵੇ ਤਾਂ ਉਸ ਪਤੀ ’ਤੇ ਕੀ ਬੀਤੀ ਹੋਵੇਗੀ। ਜੋ ਅੱਜ ਬਰਨਾਲਾ ਦੇ ਤਪਾ ਮੰਡੀ ਦੇ ਰਹਿਣ ਵਾਲੇ ਤਰਸੇਮ ਲਾਲ ਤੇ ਉਸਦੇ ਪਰਿਵਾਰ ਨਾਲ ਬੀਤ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਤਪਾ ਮੰਡੀ ਦੇ ਬਾਗ ਕਲੋਨੀ ਦੀ ਰਹਿਣ ਵਾਲੀ 59 ਸਾਲ ਦੀ ਆਸ਼ਾ ਰਾਣੀ ਪਤਨੀ ਤਰਸੇਮ ਲਾਲ ਇੱਕ ਸਮਾਜ ਸੇਵੀ ਪਰਿਵਾਰ ਨਾਲ ਸੰਬੰਧਿਤ ਮਹਿਲਾ ਸੀ, ਜੋ ਆਪਣੇ ਘਰ ਪਰਿਵਾਰ ਵਿੱਚ ਖੁਸ਼ਹਾਲ ਜ਼ਿੰਦਗੀ ਜਿਉ ਰਹੀ ਸੀ। ਜਿੱਥੇ ਕਰਵਾ ਚੌਥ ਵਾਲੇ ਦਿਨ ਆਸ਼ਾ ਰਾਣੀ ਨੇ ਆਪਣੇ ਪਤੀ ਤਰਸੇਮ ਲਾਲ ਦੀ ਲੰਬੀ ਉਮਰ ਲਈ ਵਰਤ ਰੱਖਿਆ ਸੀ, ਉੱਥੇ ਰਾਤ ਸਮੇਂ ਆਪਣੇ ਪਤੀ ਤਰਸੇਮ ਲਾਲ ਅਤੇ ਆਪਣੀ ਪੋਤੀ ਨਾਲ ਆਪਣੀਆਂ ਸਹੇਲੀਆਂ ਨਾਲ ਇਕ ਕਲੋਨੀ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਗਈ ਸੀ।
ਮ੍ਰਿਤਕ ਆਸ਼ਾ ਰਾਣੀ ਆਪਣੀਆਂ ਸਹੇਲੀਆਂ ਨਾਲ ਗਾਣਿਆਂ ’ਤੇ ਨੱਚ ਟੱਪ ਕੇ ਖੁਸ਼ੀ ਮਨਾ ਰਹੀ ਸੀ। ਪਰ ਨੱਚਦੀ ਟੱਪਦੀ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਪਤੀ ਤਰਸੇਮ ਲਾਲ ਵੱਲੋਂ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਦੁੱਖ ਦਾਇਕ ਘਟਨਾ ਨੂੰ ਲੈ ਕੇ ਸ਼ਹਿਰ ਅੰਦਰ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ, ਉੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਸ਼ਾ ਰਾਣੀ ਇੱਕ ਸਮਾਜ ਸੇਵੀ ਪਰਿਵਾਰ ਦੀ ਮਹਿਲਾ ਸੀ ਜੋ ਹਰ ਇੱਕ ਦੀ ਮਦਦ ਲਈ ਅੱਗੇ ਆਉਂਦੀ ਸੀ ਅਤੇ ਖੁਸ਼ੀ ਖੁਸ਼ੀ ਨਾਲ ਆਪਣੀ ਜਿੰਦਗੀ ਪਰਿਵਾਰ ਨਾਲ ਬਿਤਾ ਰਹੀ ਸੀ।