ਬ੍ਰਹਮਪੁਰਾ ਤੇ ਅਜਨਾਲਾ ਸਣੇ ਦੋਵਾਂ ਦੇ ਪੁੱਤਰ ਅਕਾਲੀ ਦਲ ਤੋਂ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ 'ਚ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ 'ਚ ਪਾਇਆ ਮਤਾ

Presiding over a core committee meeting, Sukhbir Singh Badal and other Akali leaders

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅਜ ਇਕ ਅਹਿਮ ਕਾਰਵਾਈ ਤਹਿਤ ਬਾਗ਼ੀ ਟਕਸਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਮਾਝੇ ਦੇ ਸੀਨੀਅਰ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਅਤੇ ਇਹਨਾਂ ਦੋਵਾਂ ਆਗੂਆਂ ਦੇ ਪੁਤਰਾਂ ਨੂੰ ਪਾਰਟੀ 'ਚੋਂ ਬਰਖ਼ਾਸਤ ਕਰ ਦਿਤਾ ਗਿਆ ਹੈ। ਪਾਰਟੀ ਦੇ ਚੰਡੀਗੜ੍ਹ ਹੈੱਡਕੁਆਟਰ ਵਿਖੇ ਹੋਈ ਕੋਰ ਕਮੇਟੀ ਦੀ ਬੈਠਕ 'ਚ ਇਸ ਬਾਰੇ ਬਕਾਇਦਾ ਮਤਾ ਪਾਇਆ ਗਿਆ ਜਿਸ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦੋਵਾਂ ਬਾਗ਼ੀ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕਰ ਦਿਤਾ ਹੈ।

ਇਸ ਦੇ ਨਾਲ ਨਾਲ ਬ੍ਰਹਮਪੁਰਾ ਦੇ ਪੁਤਰ ਰਵਿੰਦਰਪਾਲ ਸਿੰਘ ਬ੍ਰਹਮਪੁਰਾ ਅਤੇ ਅਜਨਾਲਾ ਦੇ ਪੁਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਵੀ ਪਾਰਟੀ 'ਚੋਂ ਬਰਖਾਸਤ ਕਰ ਦਿਤਾ ਗਿਆ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦਸਣਯੋਗ ਹੈ ਕਿ ਮਾਝੇ ਦੇ ਹੀ ਇਕ ਹੋਰ ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿਚੋਂ ਬਰਖ਼ਾਸਤ ਕਰਨ ਤੋਂ ਬਾਅਦ ਮਾਝੇ ਦੇ ਬਾਗ਼ੀ ਆਗੂਆਂ ਵਿਰੁਧ ਇਹ ਵੱਡੀ ਕਾਰਵਾਈ ਕੀਤੀ ਗਈ ਹੈ।

ਕਈ ਫ਼ੈਸਲੇ ਭਰੇ ਮਨ ਨਾਲ ਲੈਣੇ ਪੈਂਦੇ ਹਨ : ਚੀਮਾ

ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਹਮੇਸ਼ਾ ਪਾਰਟੀ ਹੀ ਸਰਬਉਚ ਹੁੰਦੀ ਹੈ। ਅਜ ਇਹਨਾਂ ਸੀਨੀਆਰ ਆਗੂਆਂ ਵਿਰੁਧ ਕਾਰਵਾਈ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਕਈ ਫ਼ੈਸਲੇ ਭਰੇ ਮਨ ਨਾਲ ਵੀ ਲੈਣੇ ਪੈਂਦੇ ਹਨ।