ਬਿਹਾਰ ਤੋਂ ਬਾਅਦ ਹੁਣ ਭਾਜਪਾ ਦੀ ਪੰਜਾਬ ਜਿੱਤਣ ਦੀ ਤਿਆਰੀ ਸ਼ੁਰੂ : ਮਿੱਤਲ

ਏਜੰਸੀ

ਖ਼ਬਰਾਂ, ਪੰਜਾਬ

ਬਿਹਾਰ ਤੋਂ ਬਾਅਦ ਹੁਣ ਭਾਜਪਾ ਦੀ ਪੰਜਾਬ ਜਿੱਤਣ ਦੀ ਤਿਆਰੀ ਸ਼ੁਰੂ : ਮਿੱਤਲ

image

ਚੰਡੀਗੜ੍ਹ, 11 ਨਵੰਬਰ (ਗੁਰਉਪਦੇਸ਼ ਭੁੱਲਰ): ਬਿਹਾਰ ਵਿਚ ਭਾਜਪਾ ਤੇ ਸਹਿਯੋਗੀਆਂ ਦੀ ਹੋਈ ਜਿੱਤ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੀ ਨਜ਼ਰ ਸੂਬੇ ਦੀਆਂ 2022 ਦੀਆਂ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ 'ਤੇ ਲੱਗ ਗਈਆਂ ਹੈ। ਅੱਜ ਚੰਡੀਗੜ੍ਹ ਵਿਚ ਪੰਜਾਬ ਭਾਜਪਾ ਵਲੋਂ ਬਿਹਾਰ ਦੇ ਜਿੱਤ ਦੇ ਸਬੰਧ ਵਿਚ ਪਾਰਟੀ ਵਲੋਂ ਮਨਾਏ ਜਸ਼ਨ ਦੇ ਪ੍ਰੋਗਰਾਮ ਬਾਅਦ ਸਾਬਕਾ ਭਾਜਪਾ ਮੰਤਰੀ ਤੇ ਸੂਬੇ ਦੀ ਭਾਜਪਾ ਕੋਰ ਕਮੇਟੀ ਦੇ ਮੈਂਬਰ ਮਦਨ ਮੋਹਨ ਮਿੱਤਲ ਨੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੋਂ ਬਾਅਦ ਹੁਣ ਭਾਜਪਾ ਦੀ ਪੰਜਾਬ ਜਿੱਤਣ ਦੀ ਤਿਆਰੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੇ ਬਲਬੂਤੇ ਜਿੱਤ ਹਾਸਲ ਕਰਨ ਲਈ ਇਕੱਲਿਆਂ ਸਾਰੀਆਂ 117 ਸੀਟਾਂ ਉਪਰ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਉਤਰੇਗੀ।
ਇਸ ਦਿਸ਼ਾ ਵਿਚ ਅਕਾਲੀ ਦਲ ਨਾਲੋਂ ਗਠਜੋੜ ਟੁਟਣ ਬਾਅਦ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ। ਸੂਬੇ ਦੇ ਭਾਜਪਾ ਵਰਕਰਾਂ ਵਿਚ ਪੂਰਾ ਉਤਸ਼ਾਹ ਹੈ।
ਉਨ੍ਹਾਂ ਕਿਹਾ ਕਿ ਬਿਹਾਰ ਤੇ ਹੋਰ ਰਾਜਾਂ ਦੇ ਇਨ੍ਹਾਂ ਨਤੀਜਿਆਂ ਦਾ ਪੰਜਾਬ ਤੇ ਪੂਰਾ ਅਸਰ ਪਵੇਗਾ। ਕਿਸਾਨ ਅੰਦੋਲਨ ਬਾਰੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ 13 ਨਵੰਬਰ ਦੀ ਮੀਟਿੰਗ ਬਾਅਦ ਮਸਲਾ ਹੱਲ ਹੋ ਜਾਵੇਗਾ।
ਭਾਜਪਾ ਆਗੂ ਨੇ ਕਿਹਾ ਕਿ ਕਿਸਾਨ ਵੀ ਹੁਣ ਕਾਂਗਰਸ ਤੇ ਹੋਰ ਕੁੱਝ ਸਿਆਸੀ ਪਾਰਟੀਆਂ ਦੀ ਖੇਡ ਸਮਝਣ ਲੱਗੇ ਹਨ ਤੇ ਉਹ ਮਸਲੇ ਦੇ ਹੱਲ ਲਈ ਉਸਾਰੂ ਰੁੱਖ ਅਪਨਾਉਣਗੇ। ਮੋਦੀ ਸਰਕਾਰ ਵੀ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸਾਨਾਂ ਵਿਚ ਪੈਦਾ ਸਾਰੇ ਭਰਮ ਭੁਲੇਖੇ ਛੇਤੀ ਦੂਰ ਹੋ ਜਾਣਗੇ।