ਗਊ ਦੇ ਗੋਬਰ ਤੋਂ ਬਣੇ ਦੀਵਿਆਂ ਤੇ ਹੋਰ ਸਮੱਗਰੀ ਦੀ ਮੰਗ ਵਧੀ-ਸਚਿਨ ਸ਼ਰਮਾ

ਏਜੰਸੀ

ਖ਼ਬਰਾਂ, ਪੰਜਾਬ

-ਗਊ ਸੇਵਾ ਕਮਿਸ਼ਨ ਵੱਲੋਂ ਇੱਕ ਹੋਰ ਉਪਰਾਲਾ, ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਯਤਨਸ਼ੀਲ-ਸਚਿਨ ਸ਼ਰਮਾ

Sachin Sharma

ਚੰਡੀਗੜ੍ਹ, 12 ਨਵੰਬਰ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਖੁਸ਼ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਕਮਿਸ਼ਨ ਨਵੇਂ ਉਪਰਾਲੇ ਕਰਦਿਆਂ ਰਾਜ ਦੀਆਂ ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਇਛਾਵਾਂ ਦਿੰਦਿਆਂ ਇਸ ਦੀਵਾਲੀ ਨੂੰ ਵਾਤਾਵਰਣ ਪੱਖੀ ਅਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਗਊ ਦੇ ਗੋਬਰ ਦੀ ਸਮਝ ਆ ਰਹੀ ਹੈ, ਹੁਣ ਤੱਕ ਇਸਨੂੰ ਕੇਵਲ ਖਾਦ ਬਣਾਉਣ ਲਈ ਹੀ ਵਰਤਿਆ ਜਾਂਦਾ ਸੀ ਪਰੰਤੂ ਹੁਣ ਇਸ ਤੋਂ ਬਣੀਆਂ ਵਸਤੂਆਂ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ।

ਸਚਿਨ ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿੱਥੇ ਦੀਵਾਲੀ ਦੇ ਸ਼ੁੱਭ ਤਿਉਹਾਰ ਮੌਕੇ ਚਾਈਨੀਜ਼ ਦੀਵੇ, ਮੋਮਬੱਤੀਆਂ, ਆਦਿ ਵੇਚਣ-ਖ੍ਰੀਦਣ ਦਾ ਪ੍ਰਚਲਣ ਆਮ ਗੱਲ ਸੀ, ਅਜਿਹੇ ਵਿੱਚ ਵਾਤਾਵਰਣ ਪ੍ਰਦੂਸ਼ਣ ਤੋਂ ਰਹਿਤ ਅਤੇ ਮਨੁੱਖ ਲਈ ਉਪਯੋਗੀ ਗੋਬਰ ਤੋਂ ਬਣੇ ਪਦਾਰਥਾਂ ਖਾਸ ਕਰਕੇ ਦੀਵਿਆਂ ਦੀ ਉਪਲਬੱਧਤਾ, ਇੱਕ ਰਾਹਤ ਦੀ ਸੂਚਕ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਗਊਸ਼ਾਲਾਵਾਂ ‘ਚ ਬਣੇ ਜੈਵਿਕ ਦੀਵੇ ਆਮ ਲੋਕਾਂ ਤੱਕ ਪੁੱਜ ਰਹੇ ਹਨ ਅਤੇ ਬਾਜ਼ਾਰਾਂ ‘ਚ ਮੁਹੱਈਆ ਹੋਣਗੇ।

ਉਨ੍ਹਾਂ ਦੱਸਿਆ ਕਿ ਦੇਖਣ ਨੂੰ ਰੰਗ ਬਿਰੰਗੇ ਤੇ ਇਨ੍ਹਾਂ ਸੋਹਣੇ ਦੀਵਿਆਂ ਦੀ ਇਨ੍ਹਾਂ ਦੀ ਗਿਣਤੀ ਵਧਾਈ ਜਾਵੇਗੀ, ਜਿਸ ਨਾਲ ਵਾਤਾਵਰਣ ਪ੍ਰਦੂਸ਼ਤ ਹੋਣ ਤੋਂ ਬਚੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀਵਿਆਂ ‘ਚ ਗੂਗਲ ਤੇ ਹਵਨ ਸਮੱਗਰੀ ਮਿਲੀ ਹੋਣ ਕਰਕੇ ਇਹ ਵਾਤਾਵਰਣ ਨੂੰ ਸ਼ੁੱਧ ਕਰਕੇ ਖ਼ੁਸ਼ਬੂ ਫੈਲਾਉਂਦੇ ਹਨ ਤੇ ਕੀੜੇ ਮਕੌੜੇ ਵੀ ਖ਼ਤਮ ਹੁੰਦੇ ਹਨ। ਜਦੋਂਕਿ ਘਰ ਤੇ ਕਾਰੋਬਾਰੀ ਸਥਾਨਾਂ ‘ਤੇ ਜਲਾਉਣ ਨਾਲ ਲਕਸ਼ਮੀ ਜੀ ਦਾ ਆਗਮਨ ਵੀ ਹੁੰਦਾ ਹੈ। ਇਸ ਤੋਂ ਬਿਨ੍ਹਾਂ ਦੀਵਾਲੀ ਪੂਜਨ, ਗੋਵਰਧਨ ਪੂਜਨ ਜਾਂ ਵਿਸ਼ਵਕਰਮਾ ਪੂਜਨ ਮੌਕੇ ਗਊ ਦੇ ਗੋਬਰ ਦੀ ਮਹੱਤਤਾ ਪੁਰਾਤਨ ਸਮੇਂ ਤੋਂ ਹੈ,

ਜਿਸ ਲਈ ਇਸ ਦੀ ਮੰਗ ਹੋਰ ਵਧ ਰਹੀ ਹੈ। ਸਚਿਨ ਸ਼ਰਮਾ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਦੀ ਪਹਿਲਕਦਮੀ ਸਦਕਾ ਗੋਬਰ ਤੋਂ ਗਮਲੇ, ਹਵਨ ਤੇ ਪੂਜਾ ਸਮੱਗਰੀ, ਖਾਦ ਸਮੇਤ ਬਾਗਬਾਨੀ ਲਈ ਉਪਯੋਗੀ ਵਸਤਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਬਿਨ੍ਹਾਂ ਖਾਣਾ ਬਣਾਉਣ ਲਈ ਚੁੱਲ੍ਹੇ ‘ਚ ਵਰਤਣ ਵਾਲੇ ਬਲਾਕ ਸਮੇਤ ਦਾਹ ਸਸਕਾਰ ਮੌਕੇ ਵਰਤੀ ਜਾਣ ਵਾਲੀ ਗੋਹੇ ਦੀ ਲੱਕੜੀ ਦੇ ਬੱਲੇ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਇਸ ਸਬੰਧੀਂ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਇਸ ਸਬੰਧੀਂ ਰਾਜ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਾ ਹੈ ਤਾਂ ਜੋ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਇਆ ਜਾ ਸਕੇ।