ਸਿਹਤ ਮੰਤਰੀ ਬਲਬੀਰ ਸਿੱਧੂ ਨੇ 24 ਬੀਐਲਐਸ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰੀਜ਼ਾਂ ਦੀ ਜਾਨ ਬਚਾਉਣ ਲਈ ਕਾਰਗਰ ਸਿੱਧ ਹੋਣਗੀਆਂ।

Health Minister Balbir Sidhu flagged off 24 BLS Ambulances

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਮਰੀਜ਼ਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ 24 ਬੀ.ਐਲ.ਐਸ. ਫੋਰਸ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 100 ਹੋਰ ਐਂਬੂਲੈਂਸਾਂ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਫੋਰਸ ਮੋਟਰਜ਼ ਤੋਂ 61 ਅਤੇ ਟਾਟਾ ਮੋਟਰਜ਼ ਤੋਂ 20 ਐਂਬੂਲੈਂਸਾਂ ਦੀ ਖਰੀਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ‘ਮੇਕ ਇਨ ਪੰਜਾਬ’ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਮੈਸਰਜ਼ ਐਸ.ਐਮ.ਐਲ. ਆਈ.ਐਸ.ਯੂ.ਜੈਡ.ਯੂ. ਲਿਮਟਿਡ ਤੋਂ 77 ਐਂਬੂਲੈਂਸਾਂ ਖਰੀਦੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਹੁਣ ਸਾਰੇ 22 ਜ਼ਿਲ੍ਹਿਆਂ ਵਿੱਚ ਏ.ਐਲ.ਐਸ. ਐਂਬੂਲੈਂਸਾਂ ਹਨ ਜੋ ਜੀਵਨ ਰੱਖਿਅਕ ਉਪਕਰਣਾਂ ਜਿਵੇਂ ਵੈਂਟੀਲੇਟਰਾਂ,  ਡੀਫਾਇਬ੍ਰਲੇਟਰਜ਼, ਮਲਟੀ-ਪੈਰਾ ਪੈਸ਼ੇਂਟ ਮੋਨੀਟਰ, ਸਕਸ਼ਨ ਮਸ਼ੀਨ, ਨਿਬਿਯੂਲਾਈਜ਼ਰਜ਼ ਆਦਿ ਨਾਲ ਪੂਰੀ ਤਰ੍ਹਾਂ ਲੈਸ ਹਨ। ਇਹ ਐਂਬੂਲੈਂਸਾਂ ਮਹਾਂਮਾਰੀ ਨਾਲ ਪੀੜਤ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਥੰਮ੍ਹਾਂ ਵਿੱਚੋਂ ਇੱਕ ਸਾਬਤ ਹੋ ਰਹੀਆਂ ਹਨ। ਇਸ ਸਮੇਂ ਜਦੋਂ ਪਾਜ਼ੇਟਿਵ ਮਰੀਜ਼ਾਂ ਦੇ ਵੱਧਣ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਇਹਨਾਂ ਨਵੀਆਂ ਐਂਬੂਲੈਂਸਾਂ ਨਾਲ ਮਹਾਂਮਾਰੀ ਵਿਰੁੱਧ ਲੜਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਮਿਲੇਗਾ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਇਹ ਐਂਬੂਲੈਸਾਂ ਰਣਨੀਤਕ ਥਾਵਾਂ 'ਤੇ ਲਗਾਈਆਂ ਗਈਆਂ ਹਨ ਅਤੇ '108' ਈ.ਆਰ.ਐਸ. ਨਾਲ ਜੁੜੀਆਂ ਹੋਈਆਂ ਹਨ। ਇਹ ਨਵੀਆਂ ਏਐਲਐਸ ਅਤੇ ਬੀਐਲਐਸ ਐਂਬੂਲੈਂਸਾਂ ਸਾਹ ਅਤੇ ਹੋਰ ਗੰਭੀਰ ਬੀਮਾਰੀਆਂ ਵਾਲੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਕਾਰਗਰ ਸਿੱਧ ਹੋਣਗੀਆਂ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਐਮਰਜੈਂਸੀ ਦੀ ਸਥਿਤੀ ਵਿਚ ਸ਼ਹਿਰੀ ਖੇਤਰਾਂ ਵਿਚ 20 ਮਿੰਟਾਂ ਅਤੇ ਪੇਂਡੂ ਖੇਤਰਾਂ ਵਿਚ 30 ਮਿੰਟਾਂ 'ਚ ਐਂਬੂਲੈਂਸਾਂ ਪਹੁੰਚ ਜਾਣ।