ਗੋਰਖਪੁਰ ਦੇ ਬੀ.ਆਰ.ਡੀ. ਕਾਲਜ ਦੇ ਡਾਕਟਰ ਕਫ਼ੀਲ ਖ਼ਾਨ ਬਰਖ਼ਾਸਤ

ਏਜੰਸੀ

ਖ਼ਬਰਾਂ, ਪੰਜਾਬ

ਗੋਰਖਪੁਰ ਦੇ ਬੀ.ਆਰ.ਡੀ. ਕਾਲਜ ਦੇ ਡਾਕਟਰ ਕਫ਼ੀਲ ਖ਼ਾਨ ਬਰਖ਼ਾਸਤ

image

ਲਖਨਊ, 11 ਨਵੰਬਰ : ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ ਵਿਚ ਆਕਸੀਜਨ ਦੀ ਘਾਟ ਕਾਰਨ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਬਣਾਏ ਗਏ ਡਾਕਟਰ ਕਫ਼ੀਲ ਖ਼ਾਨ ਨੂੰ ਬਰਖ਼ਾਸਤ ਕਰ ਦਿਤਾ ਗਿਆ ਹੈ। ਉਤਰ ਪ੍ਰਦੇਸ਼ ਦੇ ਮੁੱਖ ਸਕੱਤਰ (ਮੈਡੀਕਲ ਸਿਖਿਆ) ਆਲੋਕ ਕੁਮਾਰ ਨੇ ਖ਼ਬਰ ਏਜੰਸੀ ਨੂੰ ਇਸ ਦੀ ਪੁਸ਼ਟ ਕਰਦਿਆਂ ਦਸਿਆ ਕਿ ਜਾਂਚ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਡਾਕਟਰ ਕਫ਼ੀਲ ਖ਼ਾਨ ਨੂੰ ਬਰਖ਼ਾਸਤ ਕਰ ਦਿਤਾ ਗਿਆ ਹੈ। ਹੁਣ ਤਕ ਮੁਅੱਤਲ ਚਲ ਰਹੇ ਡਾਕਟਰ ਕਫ਼ੀਲ ਨੂੰ ਡਾਇਰੈਕਟੋਰੇਟ ਮੈਡੀਕਲ ਸਿਖਿਆ ਦਫ਼ਤਰ ਨਾਲ ਜੋੜਿਆ ਗਿਆ ਸੀ। ਮੁੱਖ ਸਕੱਤਰ ਨੇ ਦਸਿਆ ਕਿ ਇਹ ਮਾਮਲਾ ਕਿਉਂਕਿ ਅਦਾਲਤ ਵਿਚ ਚਲ ਰਿਹਾ ਸੀ, ਇਸ ਲਈ ਬਰਖ਼ਾਸਤ ਕੀਤੇ ਜਾਣ ਸਬੰਧੀ ਅਦਾਲਤ ਵਿਚ ਜਾਣਕਾਰੀ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀ.ਆਰ.ਡੀ. ਮੈਡੀਕਲ ਕਾਲਜ ਵਿਚ ਅਗੱਸਤ 2017 ਵਿਚ ਆਕਸੀਜਨ ਦੀ ਘਾਟ ਕਾਰਨ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 22 ਅਗੱਸਤ ਨੂੰ ਡਾਕਟਰ ਕਫ਼ੀਲ ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਉਸ ਵਿਰੁਧ ਜਾਂਚ ਚੱਲ ਰਹੀ ਸੀ। ਇਸ ਮਾਮਲੇ ਵਿਚ ਕਾਂਗਰਸ ਜਨਰਲ ਸਕੰਤਰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘‘ਉਤਰ ਪ੍ਰਦੇਸ਼ ਸਰਕਾਰ ਦੁਆਰਾ ਡਾਕਟਰ ਕਫ਼ੀਲ ਖ਼ਾਨ ਨੂੰ ਬਰਖ਼ਾਸਤ ਕਰਨਾ ਮਾੜੀ ਸੋਚ ਤੋਂ ਪ੍ਰੇਰਤ ਹੈ। ਨਫ਼ਰਤੀ ਏਜੰਡੇ ਤੋਂ ਪ੍ਰੇਰਤ ਹੋ ਕੇ ਕਫ਼ੀਲ ਖ਼ਾਨ ਨੂੰ ਤੰਗ ਕੀਤਾ ਜਾ ਰਿਹਾ ਹੈ ਪਰ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸੰਵਿਧਾਨ ਤੋਂ ਉਪਰ ਨਹੀਂ। ਕਾਂਗਰਸ ਸਰਕਾਰ ਇਨਸਾਫ਼ ਦੀ ਇਸ ਲੜਾਈ ਵਿਚ ਡਾ. ਕਫ਼ੀਲ ਖ਼ਾਨ ਦੇ ਨਾਲ ਹੈ ਅਤੇ ਹਮੇਸ਼ਾ ਨਾਲ ਹੀ ਰਹੇਗੀ।’’