ਜੌਨਪੁਰ ਵਿਚ ਵਾਪਰਿਆ ਵੱਡਾ ਹਾਦਸਾ, ਮਾਲ ਗੱਡੀ ਦੇ 21 ਡੱਬੇ ਪਲਟੇ
ਜੌਨਪੁਰ ਵਿਚ ਵਾਪਰਿਆ ਵੱਡਾ ਹਾਦਸਾ, ਮਾਲ ਗੱਡੀ ਦੇ 21 ਡੱਬੇ ਪਲਟੇ
ਲਖਨਊ, 11 ਨਵੰਬਰ : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ’ਚ ਸ੍ਰੀ ਕ੍ਰਿਸ਼ਨਾ ਨਗਰ ਰੇਲਵੇ ਸਟੇਸ਼ਨ ਨੇੜੇ ਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਉਦਪੁਰ ਘਾਟਮਪੁਰ ਨੇੜੇ ਸੁਲਤਾਨਪੁਰ ਤੋਂ ਮੁਗਲਸਰਾਏ ਜਾ ਰਹੀ ਮਾਲ ਗੱਡੀ ਦੇ 21 ਡੱਬੇ ਪਲਟ ਗਏ। ਇਸ ਕਾਰਨ ਜੌਨਪੁਰ-ਵਾਰਾਨਸੀ ਰੇਲ ਮਾਰਗ ਬੰਦ ਹੋ ਗਿਆ ਹੈ। ਰੂਟ ਦੀਆਂ ਗੱਡੀਆਂ ਵੱਖ-ਵੱਖ ਥਾਵਾਂ ’ਤੇ ਖੜੀਆਂ ਕੀਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਮਾਲ ਗੱਡੀ ਮੁਗ਼ਲਸਰਾਏ ਤੋਂ ਕੋਲਾ ਲੈਣ ਲਈ ਸਵੇਰੇ 06:58 ਵਜੇ ਸੁਲਤਾਨਪੁਰ ਤੋਂ ਰਵਾਨਾ ਹੋਈ ਸੀ। ਮਾਲ ਗੱਡੀ ਦੇ 59 ਡੱਬੇ ਸਨ। ਰੇਲ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅੱਗੇ ਤੋਂ 16 ਅਤੇ ਪਿੱਛੇ ਤੋਂ 21 ਨੂੰ ਛੱਡ ਕੇ ਬਾਕੀ 21 ਡੱਬੇ ਪਲਟ ਗਏ। ਹਾਲਾਂਕਿ ਡਰਾਈਵਰ ਏ.ਕੇ. ਚੌਹਾਨ ਅਤੇ ਗਾਰਡ ਸੰਜੇ ਯਾਦਵ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਕਾਰਨ ਵਾਰਾਣਸੀ-ਸੁਲਤਾਨਪੁਰ ਰੇਲ ਮਾਰਗ ਬੰਦ ਹੋ ਗਿਆ ਹੈ। ਮਹਾਮਨਾ ਐਕਸਪ੍ਰੈਸ, ਸੁਲਤਾਨਪੁਰ ਜੌਨਪੁਰ ਵਾਰਾਣਸੀ ਪੈਸੇਂਜਰ ਵਿਚਕਾਰ ਖੜੀ ਹੈ। ਇਸ ਕਾਰਨ ਯਾਤਰੀ ਪ੍ਰੇਸ਼ਾਨ ਹਨ। ਪੀ.ਡਬਲਿਊ.ਆਈ. ਜੌਨਪੁਰ ਬ੍ਰਿਜੇਸ਼ ਯਾਦਵ ਨੇ ਦਸਿਆ ਕਿ ਇਹ ਘਟਨਾ ਮਾਲ ਗੱਡੀ ਦੇ ਕਿਸੇ ਡੱਬੇ ਦਾ ਪਹੀਆ ਜਾਮ ਹੋਣ ਕਾਰਨ ਵਾਪਰੀ। ਜਿਵੇਂ ਹੀ ਮਾਲ ਗੱਡੀ ਕ੍ਰਿਸ਼ਨਾ ਨਗਰ ਸਟੇਸ਼ਨ ਦੇ ਸਾਹਮਣੇ ਬਾਹਰ ਵਲ ਵਧੀ ਤਾਂ ਅਚਾਨਕ ਇਸ ਦਾ ਡੱਬਾ ਪਲਟ ਗਿਆ। ਘਟਨਾ ਕਾਰਨ ਵਾਰਾਣਸੀ-ਲਖਨਊ-ਬਾਯਾ ਜ਼ਫ਼ਰਾਬਾਦ ਰੇਲਵੇ ਲਾਈਨ ’ਤੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ।